ਚੋਰੀ ਦੀ ਬਿਜਲੀ ਨਾਲ ਕਰਵਾਏ ਜਾ ਰਹੇ ਦੁਸਹਿਰਾ ਪ੍ਰੋਗਰਾਮ, ਕਿਤੇ ਹੋ ਨਾ ਜਾਵੇ ਕੋਈ ਵੱਡਾ ਹਾਦਸਾ
Saturday, Oct 12, 2024 - 05:21 AM (IST)
ਲੁਧਿਆਣਾ (ਖੁਰਾਣਾ)- ਮਹਾਨਗਰ ’ਚ ਸਜੇ ਹੋਏ ਜ਼ਿਆਦਾਤਰ ਦੁਸਹਿਰਾ ਮੇਲੇ ਇਕ ਵੱਡੀ ਸਾਜ਼ਿਸ਼ ਤਹਿਤ ਬਿਜਲੀ ਦੀ ਚੋਰੀ ਕਰ ਕੇ ਚਲਾਏ ਜਾ ਰਹੇ ਹਨ, ਜੋ ਨਾ ਸਿਰਫ਼ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਕਾਰੀ ਖਜ਼ਾਨੇ ਨੂੰ ਵੱਡੀ ਸੰਨ੍ਹਮਾਰੀ ਕਰਨ ਦਾ ਗੰਭੀਰ ਮਾਮਲਾ ਹੈ, ਸਗੋਂ ਇਸ ਤਰ੍ਹਾਂ ਬਿਜਲੀ ਦੀ ਸਿੱਧੀ ਕੁੰਡੀ ਲਗਾਉਣ ਦੇ ਚੱਕਰ ’ਚ ਹੋਣ ਵਾਲੇ ਸ਼ਾਰਟ ਸਰਕਟ ਅਤੇ ਸੰਭਾਵਿਤ ਅੱਗ ਲੱਗਣ ਕਾਰਨ ਦੁਸਹਿਰਾ ਮੇਲਿਆਂ ’ਚ ਲੋਕਾਂ ਦੀ ਮਚਣ ਵਾਲੀ ਭੱਜਦੌੜ ਕਾਰਨ ਵੱਡੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ।
ਹੁਣ ਅਜਿਹੇ ’ਚ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ ਕਿ ਜੇਕਰ ਕਿਸੇ ਦੁਸਹਿਰਾ ਮੇਲੇ ’ਚ ਬਿਜਲੀ ਦੀ ਸਿੱਧੀ ਕੁੰਡੀ ਲੱਗੀ ਹੋਣ ਕਾਰਨ ਸ਼ਾਰਟ ਸਰਕਟ ਜਾਂ ਅੱਗ ਲੱਗਣ ਵਰਗੀ ਭਿਆਨਕ ਘਟਨਾ ਦੌਰਾਨ ਭੱਜ-ਦੌੜ ਮਚਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੇਲੇ ਦੇ ਸੰਚਾਲਕ, ਸਬੰਧਤ ਠੇਕੇਦਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਧਿਕਾਰੀ ਜਾਂ ਫਿਰ ਬਿਜਲੀ ਵਿਭਾਗ ਦੀ ਹੋਵੇਗੀ।
ਜ਼ਿਆਦਾਤਰ ਦੁਸਹਿਰਾ ਮੇਲਿਆਂ ’ਚ ਸੰਚਾਲਕਾਂ ਅਤੇ ਠੇਕੇਦਾਰਾਂ ਵੱਲੋਂ ਬਿਜਲੀ ਦੇ ਹਜ਼ਾਰਾਂ ਬਲਬ ਅਤੇ ਦਰਜਨਾਂ ਵੱਡੇ ਝੂਲੇ ਚਲਾਉਣ ਸਮੇਤ ਮੇਲੇ ’ਚ ਲੱਗਣ ਵਾਲੀਆਂ ਸੈਂਕੜੇ ਖਾਣ-ਪੀਣ ਦੀਆਂ ਰੇਹੜੀਆਂ ਨੂੰ ਵੀ ਚੋਰੀ ਦੀ ਲਾਈਟ ਸਪਲਾਈ ਕਰ ਕੇ ਵੱਡੇ ਪੱਧਰ ’ਤੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ, ਜੋ ਸਿੱਧੇ ਤੌਰ ’ਤੇ ਬਿਜਲੀ ਚੋਰੀ ਕਰਨ ਦਾ ਗੰਭੀਰ ਮਾਮਲਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ IRS ਅਧਿਕਾਰੀ ਅਰਬਿੰਦ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ
ਜਗ ਬਾਣੀ ਦੇ ਫੋਟੋਗ੍ਰਾਫਰ ਵੱਲੋਂ ਪੁਰਾਣੀ ਕਚਹਿਰੀ ਦੇ ਨੇੜੇ ਪੈਂਦੇ ਪਵੇਲੀਅਨ ਮਾਲ ਗਰਾਊਂਡ ਦੇ ਠੀਕ ਸਾਹਮਣੇ ਲੱਗੇ ਦੁਸਹਿਰਾ ਮੇਲੇ ਦੀਆਂ ਕੈਮਰੇ ’ਚ ਕੈਦ ਕੀਤੀਆਂ ਤਸਵੀਰਾਂ ਬਿਜਲੀ ਚੋਰੀ ਦਾ ਸੱਚ ਬਿਆਨ ਕਰ ਰਹੀਆਂ ਹਨ, ਜਿਥੇ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ।
ਮਹਾਨਗਰ ਦੇ ਵੱਖ-ਵੱਖ ਹਿੱਸਿਆਂ ’ਚ ਦਰਜਨਾਂ ਵੱਡੇ ਅਤੇ ਛੋਟੇ ਦੁਸਹਿਰਾ ਮੇਲੇ ਲੱਗੇ ਹੋਏ ਹਨ, ਜੋ ਕਿ ਨਰਾਤਿਆਂ ਤੋਂ ਸ਼ੁਰੂ ਹੋ ਕੇ ਦੀਵਾਲੀ ਤੋਂ ਬਾਅਦ ਤੱਕ ਚਲਦੇ ਹਨ। ਮਤਲਬ ਦੇ ਕਰੀਬ ਇਕ ਮਹੀਨੇ ਦੇ ਲੰਬੇ ਸਮੇਂ ਦੌਰਾਨ ਇਨ੍ਹਾਂ ’ਚੋਂ ਜ਼ਿਆਦਾਤਰ ਮੇਲਿਆਂ ਵਿਚ ਲੱਖਾਂ ਰੁਪਏ ਦੀ ਬਿਜਲੀ ਚੋਰੀ ਹੋਣੀ ਤੈਅ ਹੈ, ਜਿਸ ਦਾ ਸਿੱਧਾ ਨੁਕਸਾਨ ਬਿਜਲੀ ਵਿਭਾਗ ਦੇ ਸਰਕਾਰੀ ਖਜ਼ਾਨੇ ਨੂੰ ਹੋਵੇਗਾ।
ਪਾਵਰਕਾਮ ਦੀਆਂ ਟੀਮਾਂ ਦੁਸਹਿਰਾ ਮੇਲਿਆਂ ’ਚ ਕਰ ਰਹੀਆਂ ਚੈਕਿੰਗ
ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਕਈ ਦੁਸਹਿਰਾ ਮੇਲਿਆਂ ਵਿਚ ਬਿਜਲੀ ਦੀ ਚੋਰੀ ਹੋਣ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਚੀਫ ਇੰਜੀਨੀਅਰ ਈਸਟ ਸੁਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਸੁੰਦਰ ਨਗਰ ਡਵੀਜ਼ਨ ਦੇ ਐਕਸੀਅਨ ਜਗਮੋਹਨ ਸਿੰਘ ਜੰਡੂ ਦੀ ਅਗਵਾਈ ’ਚ ਬਣਾਈ ਟੀਮ ਵੱਲੋਂ ਬਸਤੀ ਜੋਧੇਵਾਲ ਚੌਕ ਨੇੜੇ ਲੱਗੇ ਇਕ ਦੁਸਹਿਰਾ ਮੇਲੇ ’ਚ ਦੱਬੇ ਪੈਰੀਂ ਚੈਕਿੰਗ ਕੀਤੀ ਗਈ, ਜਿਥੇ ਕਰੀਬ 40 ਮੀਟਰ ਲੰਬੀ ਤਾਰ ਨੂੰ ਵਿਭਾਗੀ ਮੁਲਾਜ਼ਮਾਂ ਨੇ ਆਪਣੇ ਕਬਜ਼ੇ ਵਿਚ ਲਿਆ ਹੈ ਪਰ ਹਾਲ ਦੀ ਘੜੀ ਮੇਲੇ ’ਚ ਬਿਜਲੀ ਚੋਰੀ ਹੋਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਚੀਫ ਇੰਜੀਨੀਅਰ ਨੇ ਕਿਹਾ ਕਿ ਵਿਭਾਗ ਬਣਾਈਆਂ ਵੱਖ-ਵੱਖ ਟੀਮਾਂ ਦੁਸਹਿਰਾ ਮੇਲਿਆਂ ਵਿਚ ਛਾਪੇਮਾਰੀਆਂ ਕਰਨਗੀਆਂ।
ਇਹ ਵੀ ਪੜ੍ਹੋ - ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e