203 ਕਰੋੜ ''ਚ ਵਿਕਿਆ ਮੋਹਾਲੀ ਦਾ ''ਦੁਸਹਿਰਾ ਗਰਾਊਂਡ''
Thursday, Nov 22, 2018 - 04:28 PM (IST)
ਮੋਹਾਲੀ (ਰਾਣਾ) : ਮੋਹਾਲੀ ਦੇ ਫੇਜ਼-8 ਦਾ ਦੁਸਹਿਰਾ ਗਰਾਊਂਡ 203 ਕਰੋੜ ਰੁਪਏ 'ਚ ਨੀਲਾਮ ਹੋ ਗਿਆ ਕਿਉਂਕਿ ਇੱਥੇ ਹੁਣ ਇੰਸਟੀਚਿਊਟ ਅਤੇ ਮਾਲ ਬਣਾਏ ਜਾਣਗੇ। ਗਰਾਊਂਡ ਨੀਲਾਮ ਹੋਣ ਨਾਲ ਸਥਾਨਕ ਲੋਕਾਂ ਅਤੇ ਕਈ ਸਮਾਜਿਕ ਸੰਸਥਾਵਾਂ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। 'ਗਮਾਡਾ' ਮੁਤਾਬਕ ਫੇਜ਼-8 ਸਥਿਤ ਗਰਾਊਂਡ ਦੀ ਨੀਲਾਮੀ 203 ਕਰੋੜ ਰੁਪਏ 'ਚ ਕੀਤੀ ਗਈ ਹੈ, ਇਸ ਨੂੰ 2 ਕੰਪਨੀਆਂ ਨੇ ਮਿਲ ਕੇ ਖਰੀਦਿਆ ਹੈ ਅਤੇ ਇੱਥੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਗਰਾਊਂਡ ਸ਼ਹਿਰ ਦੇ ਵਿਚਕਾਰ ਹੈ ਅਤੇ ਇਸ ਦੇ ਨੇੜੇ ਪੰਜਾਬ ਸਕੂਲ ਸਿੱਖਿਆ ਬੋਰਡ, ਫੋਰਟਿਸ ਹਸਪਤਾਲ, ਗਮਾਡਾ ਅਤੇ ਪੁੱਡਾ ਭਵਨ ਹਨ।
ਅਕਾਲੀ-ਭਾਜਪਾ ਸਰਕਾਰ ਨੇ ਫੇਜ਼-8 ਸਥਿਤ ਗਰਾਊਂਡ 'ਚ ਸਿਟੀ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ 24 ਫਰਵਰੀ, 2009 ਨੂੰ ਇਸ ਰੈਲੀ ਗਰਾਊਂਡ 'ਚ ਗਮਾਡਾ ਵਲੋਂ ਸਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸ਼ਹਿਰ 'ਚ ਕੋਈ ਗਤੀਵਿਧੀ ਹੋਵੇ, ਸਭ ਤੋਂ ਪਹਿਲਾਂ ਇਸੇ ਗਰਾਊਂਡ 'ਤੇ ਨਜ਼ਰ ਰਹਿੰਦੀ ਹੈ। ਇਸ ਗਰਾਊਂਡ 'ਚ ਨੌਜਵਾਨ ਖਿਡਾਰੀ ਅਭਿਆਸ ਕਰਦੇ ਹਨ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਰੈਲੀ-ਧਰਨਿਆਂ ਲਈ ਵੱਖਰੇ ਤੌਰ 'ਤੇ ਸੈਕਟਰ-91 'ਚ ਦੇਖ ਲਈ ਗਈ ਹੈ।