ਭਾਜਪਾ ਦੀ ਫਤਿਹਗੜ੍ਹ ਸਾਹਿਬ ’ਚ ਰੈਲੀ ਦੌਰਾਨ ਅਸ਼ਵਨੀ ਸ਼ਰਮਾ ਨੇ ਮਹਾਗੱਠਜੋੜ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
Saturday, Jun 24, 2023 - 08:34 PM (IST)

ਫਤਿਹਗੜ੍ਹ ਸਾਹਿਬ (ਸੁਰੇਸ਼)-ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋ ਜਾਣ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਲੋਕ ਸਭਾ ਹਲਕੇ ਵਿਚ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਹਲਕੇ ਅੰਦਰ ਬੂਥ ਪੱਧਰ ’ਤੇ ਘਰ-ਘਰ ਪਹੁੰਚਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸੋਹਣ ਫਾਰਮ ਵਿਚ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਦਿੱਤੀ ਢਿੱਲ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ
ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ। ਜਦੋਂ 9 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਭਾਰਤ ਦਾ ਦੁਨੀਆ ਦੀ ਅਰਥਵਿਵਸਥਾ ਵਿਚ 10ਵਾਂ ਨੰਬਰ ਸੀ ਅਤੇ ਅੱਜ ਦੇਸ਼ ਦੁਨੀਆ ਭਰ ਵਿਚ 5ਵੀਂ ਵੱਡੀ ਅਰਥ ਵਿਵਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਦੇਸ਼ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਦੇਸ਼ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਵਿਚ ਉਹ ਆਗੂ ਇਕੱਠੇ ਹੋ ਰਹੇ ਹਨ, ਜੋ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ, ਇਹ ਸਾਰੇ ਹਾਰੇ ਹੋਏ ਅਤੇ ਬੇਕਾਰ ਹੋਏ ਆਗੂ ਸੱਤਾ ਦੇ ਲਾਲਚ ਵਿਚ ਆਪਣੀ ਆਪਣੀ ਡੱਫਲੀ ਵਜਾ ਰਹੇ ਹਨ। ਇਨ੍ਹਾਂ ਦੇ ਇਕੱਠੇ ਹੋਣ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਸ ਤਰ੍ਹਾਂ ਇਨ੍ਹਾਂ 16 ਮਹੀਨਿਆਂ ਵਿਚ ਵਿਗੜੀ ਹੈ, ਉਸ ਨੂੰ ਦੇਖਦੇ ਹੋਏ ਕੌਣ ਪੰਜਾਬ ਵਿਚ ਆਰਥਿਕ ਨਿਵੇਸ਼ ਕਰੇਗਾ ਕਿਉਂਕਿ ਉਨ੍ਹਾਂ ਦੀ ਤਰਜੀਹ ਇਹ ਹੁੰਦੀ ਹੈ ਕਿ ਉਹ ਸੁਰੱਖਿਅਤ ਮਹਿਸੂਸ ਕਰਨ, ਇਨ੍ਹਾਂ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ, ਜੇਕਰ ਕੇਂਦਰ ਸਰਕਾਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਐੱਨ.ਸੀ.ਬੀ. ਦਫਤਰ ਪੰਜਾਬ ਵਿਚ ਖੋਲ੍ਹਣ ਦਾ ਐਲਾਨ ਕਰਦੀ ਹੈ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਉਸਦਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਨਸ਼ਿਆ ਦੀ ਲੜਾਈ ਵਿਚ ਸਰਕਾਰ ਗੋਡੇ ਟੇਕ ਚੁੱਕੀ ਹੈ ਤੇ ਕਾਨੂੰਨ ਵਿਵਸਥਾ ਲੜਖੜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੀ ਹੈ, ਇਨ੍ਹਾਂ ਦੇ ਦਿੱਲੀ ਵਿਚ 2 ਮੰਤਰੀ ਜੇਲ੍ਹਾਂ ਹਨ ਅਤੇ ਕਈਆਂ ’ਤੇ ਜੇਲ੍ਹ ਜਾਣ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਮਹਾਗੱਠਜੋੜ ਨੂੰ ਚੋਰ-ਚੋਰ ਮਸੇਰੇ ਭਰਾ ਦਾ ਗਰੁੱਪ ਦੱਸਦਿਆਂ ਕਿਹਾ ਕਿ ਜਿਹੜੇ ਆਗੂ ਇਕੱਠੇ ਹੋਏ ਹਨ, ਉਨ੍ਹਾਂ ਵਿਚ ਚਾਰਾ ਘਪਲੇ ਵਿਚ ਸਜ਼ਾ ਯਾਫਤਾ ਲਾਲੂ ਯਾਦਵ ਨੂੰ ਬਿਠਾਇਆ ਗਿਆ ਹੈ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਰਗੇ ਭ੍ਰਿਸ਼ਟਾਚਾਰ ਵਿਚ ਗ਼ਲਤਾਨ ਆਗੂ ਕੀ ਹੁਣ ਦੇਸ਼ ਨੂੰ ਲੀਡ ਕਰਨਗੇ। ਇਹ ਸਾਰੇ ਹਾਰੇ ਅਤੇ ਬੇਕਾਰ ਹੋਏ ਆਗੂ ਸੱਤਾ ਦੇ ਲਾਲਚ ਵਿਚ ਆਪਣੀ-ਆਪਣੀ ਡਫਲੀ ਵਜਾ ਰਹੇ ਹਨ ਅਤੇ ਚੋਣਾਂ ਲੜਨ ਨੂੰ ਲੈ ਕੇ ਇਨ੍ਹਾਂ ਦੀ ਆਪਸੀ ਲੜਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਇਹ ਨਰਿੰਦਰ ਮੋਦੀ ਦਾ ਸਾਹਮਣਾ ਨਹੀਂ ਕਰ ਸਕਦੇ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਭਲੀਭਾਂਤ ਜਾਣੂ ਹੈ ਕਿ ਦੇਸ਼ ਨੂੰ ਵਿਕਾਸ ਦੇ ਰਸਤੇ ’ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਲਿਆ ਸਕਦੀ ਹੈ, ਇਸ ਲਈ ਆਗਾਮੀ ਲੋਕ ਸਭਾ ਚੋਣਾਂ-2024 ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਫਿਰ ਦੁਬਾਰਾ ਸਰਕਾਰ ਬਣਾਏਗੀ। ਉਨ੍ਹਾਂ ਸਮੂਹ ਭਾਜਪਾ ਸੀਨੀਅਰ ਲੀਡਰਸ਼ਿਪ ਵੱਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਹਰ ਹਲਕੇ, ਮੰਡਲ ਅਤੇ ਬੂਥ ਪੱਧਰ ’ਤੇ ਪੁਹੰਚਾਉਣ ਲਈ ਜਨ ਜਾਗਰਣ ਮੁਹਿੰਮ ਤਹਿਤ ਹਰ ਘਰ ਤੱਕ ਪੁਹੰਚ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਇਸ ਰੈਲੀ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਭਾਜਪਾ ਦੇ ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਨੇ ਬਖੂਬੀ ਨਿਭਾਈ।
ਕੌਣ-ਕੌਣ ਹੋਏ ਸ਼ਾਮਲ ਹੋਏ ਜਨ ਸੰਪਰਕ ਰੈਲੀ ਵਿਚ
ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਮੋਨਾ ਜੈਸਵਾਲ ਅਤੇ ਬਿਕਰਮਜੀਤ ਸਿੰਘ ਚੀਮਾ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਮਨੋਰੰਜਨ ਕਾਲੀਆ, ਬੀਬਾ ਜੈਇੰਦਰ ਕੌਰ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ, ਸੰਨੀ ਟੌਹੜਾ, ਸੁਸ਼ੀਲ ਕੌਸ਼ਿਕ, ਗੁਰਪ੍ਰੀਤ ਸਿੰਘ ਭੱਟੀ, ਕਰਨਵੀਰ ਸਿੰਘ ਢਿੱਲੋਂ, ਸੁਰਜੀਤ ਸਿੰਘ ਸਾਹੀ, ਅਮਰਿੰਦਰ ਸਿੰਘ ਕਾਲੇਕਾ, ਅਜੈਬ ਸਿੰਘ ਜਖਵਾਲੀ, ਡਾ. ਦੀਪਕ ਜੋਤੀ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸੂਬਾ ਕਾਰਜਕਾਰਨੀ ਮੈਂਬਰ ਡਾ. ਹਰਬੰਸ ਲਾਲ, ਦੇਵੀ ਦਿਆਲ ਪਰਾਸ਼ਰ, ਗੇਜਾ ਰਾਮ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਕੁਲਦੀਪ ਸਿੰਘ ਸਹੋਤਾ, ਹਰੀਸ਼ ਅਗਰਵਾਲ, ਕੁਲਦੀਪ ਸਿੰਘ ਸਿੱਧੂਪੁਰ, ਗੁਰਦੇਵ ਸਿੰਘ ਬਧੌਛੀ, ਸ਼ਿੰਗਾਰਾ ਸਿੰਘ ਬਰਾਸ, ਨਰਿੰਦਰ ਖਰੋਡ ਬਾਲਪੁਰ, ਸੁਖਦੇਵ ਸਿੰਘ ਰਿਉਣਾ, ਗੁਰਦਿਆਲ ਸਿੰਘ ਬੁਚੜੇ, ਡਾ. ਨਰੇਸ਼ ਚੌਹਾਨ, ਅਮਨਦੀਪ ਸਿੰਘ ਭੱਲਮਾਜਰਾ, ਕੁਲਵਿੰਦਰ ਸਿੰਘ ਜੱਲਾ, ਦਿਲਪ੍ਰੀਤ ਸਿੰਘ ਭੱਟੀ, ਹਰਮੀਤ ਸਿੰਘ ਸੱਗੂ, ਕੁਲਵਿੰਦਰ ਕੌਰ ਲਾਡਪੁਰ, ਅਛਰ ਸਿੰਘ ਭਮਾਰਸੀ, ਸੁਰਿੰਦਰ ਸਿੰਘ ਰਿਉਣਾ, ਵਿਵੇਕ ਜੈਨ, ਰਾਜੀਵ ਮਲਹੋਤਰਾ, ਬਲਵੀਰ ਨੰਬਰਦਾਰ, ਸਿਕੰਦਰ ਸਿੰਘ ਬਾਲਪੁਰ, ਅੰਕੁਰ ਗਰਗ, ਜਗਮੋਹਨ ਸ਼ਰਮਾ, ਸੰਨੀ ਗੋਇਲ, ਰਾਜੇਸ਼ ਗੁਪਤਾ, ਤ੍ਰਿਭਵਨ, ਦਲੀਪ ਆਦਿ ਸਮੇਤ ਵੱਖ-ਵੱਖ ਹਲਕਿਆਂ ਦੇ ਇੰਚਾਰਜ, ਜ਼ਿਲ੍ਹਾ ਅਤੇ ਮੰਡਲ ਪ੍ਰਧਾਨ, ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।