ਬਟਾਲਾ ਦੇ ਪਿੰਡ ਦਹੀਆ ’ਚ ਦੋ ਧਿਰਾਂ ਵਿਚਾਲੇ ਗੋਲ਼ੀਆਂ ਚੱਲਣ ਨਾਲ ਦੂਜੇ ਵਿਅਕਤੀ ਦੀ ਮੌਤ
Monday, Feb 06, 2023 - 04:18 PM (IST)
ਬਟਾਲਾ (ਬੇਰੀ) : ਬਟਾਲਾ ਦੇ ਨਜ਼ਦੀਕੀ ਪਿੰਡ ਦਹੀਆ ਵਿਖੇ ਬੀਤੀ ਦੇਰ ਰਾਤ 10 ਵਜੇ ਦੇ ਕਰੀਬ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ। ਜਿਸ 'ਚ ਸਾਬਕਾ ਸਰਪੰਚ ਸਵਰਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਵਿਰੋਧੀ ਧਿਰ ਦੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਸਨ। ਦੂਜੀ ਧਿਰ 'ਚੋਂ ਜਿਨ੍ਹਾਂ ਵਿਅਕਤੀਆਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਦੀ ਪਹਿਚਾਣ ਹਰਪਿੰਦਰ ਸਿੰਘ ਵਾਸੀ ਭੰਬੋਈ ਅਤੇ ਆਕਾਸ਼ਦੀਪ ਸਿੰਘ ਸ਼ਾਹਕੋਟ ਵਜੋਂ ਹੋਈ ਹੈ ਅਤੇ ਹਰਪਿੰਦਰ ਸਿੰਘ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਾਬਕਾ ਸਰਪੰਚ ਸਵਰਨ ਸਿੰਘ (55) ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਦਹੀਆ ਦੇ ਪੁੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਉਹ ਆਪਣੇ ਘਰ ਵਿਚ ਆਪਣੇ ਪਰਵਿਾਰ ਨਾਲ ਸੌਂ ਰਿਹਾ ਸੀ ਕਿ ਉਨ੍ਹਾਂ ਦੇ ਘਰ ਦੇ ਬਾਹਰ ਇਕ ਕਾਰ ’ਚ ਲਗਭਗ 6 ਵਿਅਕਤੀ ਸਵਾਰ ਹੋ ਕੇ ਆਏ ਅਤੇ ਉਸਦੇ ਪਿਤਾ ਦਾ ਨਾਮ ਲੈ ਕੇ ਆਵਾਜ਼ਾ ਲਗਾਉਣ ਲੱਗ ਗਏ। ਉਨ੍ਹਾਂ ਕਿਹਾ ਕਿ ਜਦੋਂ ਉਸ ਦੇ ਪਿਤਾ ਨੇ ਗੇਟ ਖੋਲ੍ਹਿਆ ਤਾਂ ਉਕਤ ਸਾਰੇ ਘਰ ’ਚ ਜ਼ਬਰਦਸਤੀ ਦਾਖ਼ਲ ਹੋਣ ਲੱਗੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਸਦੇ ਪਿਤਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਜਵਾਬੀ ਫ਼ਾਇਰ ਕੀਤੇ, ਪਰ ਹਮਲਾਵਰਾਂ ਵਲੋਂ ਗੋਲੀ ਚਲਾਉਣ ਦੌਰਾਨ ਇਕ ਗੋਲੀ ਉਸਦੇ ਪਿਤਾ ਦੀ ਛਾਤੀ 'ਤੇ ਜਾ ਲੱਗੀ ਅਤੇ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਮਲਾਵਰ ਮੌਕੇ 'ਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਜਦ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਤਾਂ ਆਪਣੇ ਬਚਾਅ ਦੇ ਲਈ ਉਸਦੇ ਪਿਤਾ ਨੇ ਆਪਣੇ ਰਿਵਾਲਵਰ ਨਾਲ ਜਵਾਬੀ ਫ਼ਾਇਰ ਕੀਤੇ ਸਨ। ਜਿਸਦੇ ਚਲਦਿਆਂ ਹਮਲਾ ਕਰਨ ਵਾਲੇ ਵਿਅਕਤੀਆਂ 'ਚੋਂ ਦੋ ਵਿਅਕਤੀਆਂ ਦੇ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਏ ਸਨ।
ਉੱਥੇ ਜਦ ਦੂਸਰੇ ਪੱਖ ਦੇ ਲੋਕ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ’ਚ ਪਹੁੰਚੇ ਤਾਂ ਉੱਥੇ ਫਿਰ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਉਨ੍ਹਾਂ ਵਲੋਂ ਇਕ ਦੂਸਰੇ ’ਤੇ ਪਿਸਟਲ ਤਾਣ ਦਿੱਤੇ ਗਏ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ। ਦੂਜੀ ਧਿਰ ਤੋਂ ਜਿਨ੍ਹਾਂ ਵਿਅਕਤੀਆਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਦੀ ਪਹਿਚਾਣ ਹਰਪਿੰਦਰ ਸਿੰਘ ਵਾਸੀ ਭੰਬੋਈ ਅਤੇ ਆਕਾਸ਼ਦੀਪ ਸਿੰਘ ਸ਼ਾਹਕੋਟ ਵਜੋਂ ਹੋਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ। ਇਸ ਮਾਮਲੇ ’ਚ ਗੋਲੀ ਲੱਗਣ ਦੇ ਚਲਦਿਆਂ ਜ਼ਖਮੀ ਹੋਏ ਹਰਪਿੰਦਰ ਸਿੰਘ ਦੀ ਵੀ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ ਇਨਵੈਸਟੀਗੇਸਨ ਗੁਰਪ੍ਰੀਤ ਸਿੰਘ, ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਰਿੰਦਰਬੀਰ ਸਿੰਘ ਅਤੇ ਐੱਸ.ਐੱਚ.ਓ ਘੁਮਾਣ ਬਲਕਾਰ ਸਿੰਘ ਨੇ ਸਿਵਲ ਹਸਪਤਾਲ ਬਟਾਲਾ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਐੱਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਇਸ ਸਬੰਧ ’ਚ ਮੁਕੱਦਮਾ ਨੰ. 21 ਥਾਣਾ ਘੁਮਾਣ ’ਚ ਬਣਦੀਆਂ ਧਾਰਾਵਾਂ ਤਹਿਤ 7 ਵਿਅਕਤੀਆਂ ਜਿਨ੍ਹਾਂ ’ਚ ਹਰਪਿੰਦਰ ਸਿੰਘ, ਮੇਜਰ ਸਿੰਘ, ਅਕਾਸ਼ਦੀਪ ਸਿੰਘ, ਜਤਿੰਦਰ ਸਿੰਘ ਬੱਗਾ ਸਾਰੇ ਵਾਸੀ ਭੰਬੋਈ, ਅਕਾਸ਼ਦੀਪ ਸਿੰਘ ਵਾਸੀ ਸ਼ਾਹਕੋਟ, ਜਤਿੰਦਰ ਸਿੰਘ ਤੇ ਸੁਰਜੀਤ ਸਿੰਘ ਵਾਸੀ ਦਹੀਆ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਹੁਣ ਤੱਕ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕੀ ਹੈ ਮਾਮਲਾ?
ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾ ਧਿਰਾਂ ’ਚ ਇਕ ਮਾਮਲੇ ਨੂੰ ਲੈ ਕੇ ਰਾਜੀਨਾਮਾ ਕਰਵਾਉਣ ਲਈ ਤਕਰਾਰ ਚੱਲ ਰਿਹਾ ਸੀ ਪਰ ਰਾਜੀਨਾਮਾ ਨਹੀਂ ਹੋ ਰਿਹਾ ਸੀ। ਇਸਦੇ ਚਲਦਿਆਂ ਇਕ ਧਿਰ ਵਲੋਂ ਸਾਬਕਾ ਸਰਪੰਚ ਦੇ ਘਰ ’ਚ ਪਹੁੰਚ ਕੇ ਝਗੜਾ ਕੀਤਾ ਗਿਆ ਅਤੇ ਝਗੜੇ ਦੌਰਾਨ ਆਪਸ ’ਚ ਗੋਲੀਆਂ ਚਲਾਈਆਂ ਗਈਆਂ। ਐੱਸ.ਪੀ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੀ ਵੀ ਧਿਰ ਦੋਸ਼ੀ ਪਾਈ ਗਈ ਉਸਦੇ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।