ਬਠਿੰਡਾ 'ਚ ਸ਼੍ਰੀ ਦੁਰਗਾ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਮੰਡੀ ਬਣੀ ਜੰਗ ਦਾ ਮੈਦਾਨ

Tuesday, Aug 08, 2017 - 04:43 PM (IST)

ਬਠਿੰਡਾ 'ਚ ਸ਼੍ਰੀ ਦੁਰਗਾ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਮੰਡੀ ਬਣੀ ਜੰਗ ਦਾ ਮੈਦਾਨ

ਗੋਨਿਆਨਾ — ਦੁਰਗਾ ਮੰਦਰ ਕਮੇਟੀ ਦੀ ਚੋਣ ਲਈ ਬੀਤੀ ਸ਼ਾਮ ਮੰਦਰ 'ਚ ਬੈਠਕ ਰੱਖੀ ਗਈ, ਜਿਸ 'ਚ ਮੰਡੀ ਦੇ 2 ਗੁਰੱਪਾਂ ਨੇ ਆਪਣੇ-ਆਪਣੇ ਪ੍ਰਧਾਨ ਚੁਣ ਲਏ। ਉਸ ਸਮੇਂ ਦੋਵਾਂ ਗਰੁੱਪਾਂ 'ਚ ਹਲਕੀ ਜਿਹੀ ਤਕਰਾਰਬਾਜੀ ਤੇ ਹੱਥੋਪਾਈ ਹੋਈ, ਜਿਸ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕੰਟਰੋਲ ਕਰ ਲਿਆ ਪਰ ਪ੍ਰਧਾਨ ਦੀ ਚੋਣ ਵਿਵਾਦਾਂ 'ਚ ਘਿਰ ਗਈ ਕਿਉਂਕਿ ਕੋਈ ਵੀ ਪੱਖ ਆਪਣੀ ਹਾਰ ਮੰਨਣ ਤਿਆਰ ਨਹੀਂ ਸੀ, ਸੋਮਵਾਰ ਨੂੰ ਪ੍ਰਸ਼ਾਸਨ ਦਾ ਵਿਵਾਦ ਬਣਨ ਤੋਂ ਬਾਅਦ ਰਮੇਸ਼ ਕੁਮਾਰ ਮੱਟੂ ਜੋ ਲੰਮੇ ਸਮੇਂ ਤੋਂ ਸ਼੍ਰੀ ਦੁਰਗਾ ਮੰਦਰ ਦਾ ਪ੍ਰਧਾਨ ਚਲਿਆ ਆ ਰਿਹਾ ਸੀ, ਨੇ ਅਸਤੀਫਾ ਦੇ  ਕੇ ਮੰਦਰ ਕਮੇਟੀ ਦੀਆਂ ਚਾਬੀਆਂ ਤੇ ਰਜਿਸਟਰ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ, ਸਾਧੂ ਰਾਮ ਰੋਮਾਣ, ਗੋਬਿੰਦ ਰਾਮ ਜਿੰਦਲ (ਦੋਨਾਂ ਸਾਬਕਾ ਪ੍ਰਧਾਨ ਨਗਰ ਕੌਂਸਲ), ਬਨਾਰਸੀ ਦਾਸ ਸਾਬਕਾ ਉਪ ਪ੍ਰਧਾਨ ਤੇ ਸ਼ਹਿਰ ਨਿਵਾਸੀਆਂ ਦੀ ਮੌਜੂਦਗੀ 'ਚ ਪੰਚਾਇਤ ਨੂੰ ਸੌਂਪ ਦਿੱਤੀ। ਉਸ ਦੇ ਤੁਰੰਤ ਬਾਅਦ ਉਕਤ ਮਾਣਯੋਗ ਸ਼ਕਸੀਅਤਾਂ ਤੇ ਸ਼ਹਿਰ ਵਾਸੀਆਂ ਦੀ ਮੌਜੂਦਗੀ 'ਚ ਹਰਮੇਸ਼ ਕੁਮਾਰ (ਮਹੇਸ਼ਾ) ਪੁੱਤਰ ਰਾਮ ਗੋਪਾਲ ਨਿਵਾਸੀ ਗੋਨਿਆਨਾ ਨੂੰ ਸਰਵਸਮਿਤੀ ਨਾਲ ਸ਼੍ਰੀ ਦੁਰਗਾ ਮੰਦਰ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੌਰਾਨ ਸ਼੍ਰੀ ਦੁਰਗਾ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ ਨੇ ਤਿਲਕ ਲਗਾ ਕੇ ਤੇ ਉਨ੍ਹਾਂ ਦੇ ਗਲੇ 'ਚ ਚੁਨ੍ਹੀ ਪਾ ਕੇ ਪ੍ਰਧਾਨ ਦੀ ਰਸਮ ਅਦਾ ਕੀਤੀ।
ਇਸ ਦੌਰਾਨ ਗੋਬਿੰਦ ਰਾਮ ਜਿੰਦਲ, ਪੁਰਸ਼ੋਤਮ ਦਾਸ ਟੰਡਨ, ਹੇਮ ਰਾਜ ਖਿਆਲੀ ਵਾਲਾ, ਸਤੀਸ਼ ਗੋਇਲ, ਕਸ਼ਮੀਰੀ ਲਾਲ ਮਨੋਜ ਕੁਮਾਰ, ਦੁੱਗਲ ਤੋਂ ਇਲਾਵਾ ਕਈ ਸ਼ਹਿਰਵਾਸੀ ਮੌਜੂਦ ਸਨ। ਇਸ ਦੌਰਾਨ ਕਮੇਟੀ ਬਨਾਉਣ ਦੇ ਸਾਰੇ ਅਧਿਕਾਰੀ ਹਰਮੇਸ਼ ਕੁਮਾਰ ਨੂੰ ਦਿੱਤਾ ਗਿਆ। ਹਰਮੇਸ਼ ਨੇ ਆਪਣਾ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਉਹ ਤਨ-ਮਨ ਤੇ ਧਨ ਨਾਲ ਸ਼੍ਰੀ ਦੁਰਗਾ ਮੰਦਰ ਦੀ ਸੇਵਾ ਕਰਨਗੇ ਤੇ ਆਪਣੀ ਜ਼ਿੰਮੇਵਾਰੀ ਨਿਰਪੱਖ ਹੋ ਕੇ ਨਿਭਾਉਣਗੇ। ਦੂਜੇ ਪਾਸੇ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਮੱਟੂ ਨੇ ਦੋਸ਼ ਲਗਾ ਕੇ ਬੈਠੇ ਦੂਜੇ ਗਰੁੱਪ ਨੇ ਉਨ੍ਹਾਂ ਦੇ ਤੇ ਉਨ੍ਹਾਂ ਦੇ ਦੋਸਤਾਂ ਪ੍ਰਮੋਦ ਕੁਮਾਰ ਕਾਕਾ, ਮਨੋਜ ਕੁਮਾਰ ਮਹਿਮੇ ਵਾਲਾ 'ਤੇ ਹਮਲਾ ਕਰ ਦਿੱਤਾ ਤੇ ਭਰੇ ਬਾਜ਼ਾਰ 'ਚ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਦੀ ਦੁਕਾਨ 'ਚ ਵੜ੍ਹ ਕੇ ਉਸ ਦੇ ਪੁੱਤਰ ਰੋਬਿਨ ਜੈਨ ਨਾਲ ਕੁੱਟਮਾਰ ਕੀਤੀ। ਸੂਤਰਾਂ ਮੁਤਾਬਕ ਜਿਸ ਸਮੇਂ ਉਕਤ ਦੋਨਾਂ ਪਾਰਟੀਆਂ ਦੇ ਵਰਕਰ ਦਾਣਾ ਮੰਡੀ 'ਚ ਲੜੇ, ਉਸ ਸਮੇਂ ਦਾਨਾ ਮੰਡੀ ਕਿਸੇ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਸੀ। ਸੂਚਨਾ ਮਿਲਣ 'ਤੇ ਸਿੰਕਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੀ ਪਹੁੰਚੇ, ਜਿਨ੍ਹਾਂ ਨੇ ਉਕਤ ਕੁੱਟਮਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਹਿਤੇਸ਼ੀ ਕਹਿਲਾਉਣ ਵਾਲੀ ਮੌਜੂਦਾ ਕਾਂਗਰਸ ਸਰਕਾਰ ਬੇਕਸੂਰ ਲੋਕਾਂ 'ਤੇ ਜ਼ੁਲਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਇਨ੍ਹਾਂ ਦੇ ਵਰਕਰਾਂ ਨੇ ਟਰੱਕ ਯੂਨੀਅਨਾਂ ਤੇ ਨਗਰ ਕੌਂਸਲ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਹੁਣ ਇਨ੍ਹਾਂ ਦੇ ਵਰਕਰਾਂ ਨੇ ਧਾਰਮਿਕ ਸਥਾਨਾਂ 'ਤੇ ਵੀ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹ ਕਿਹਾ ਕਿ ਰਾਜ ਦੇ ਲੋਕ ਇਹ ਧੱਕੇਸ਼ਾਹੀ ਸਹਿਣ ਨਹੀਂ ਕਰਨਗੇ ਤੇ ਇਨਸਾਫ ਨਾ ਮਿਲਣ 'ਤੇ ਸੜਕਾਂ 'ਤੇ ਆਉਣ ਲਈ ਮਜ਼ਬੂਰ ਹੋਣਗੇ। ਇਸ ਤੋਂ ਬਾਅਦ ਬਲਕਾਰ ਸਿੰਘ ਮੈਂਬਰ ਕੌਰ ਕਮੇਟੀ, ਜਗਸੀਰ ਕਲਿਆਣ, ਪ੍ਰੇਮ ਕੁਮਾਰ ਪ੍ਰੇਮਾ ਕੌਂਸਲ ਪ੍ਰਧਾਨ, ਅਮੀਰ ਸਿੰਘ ਮੱਕੜ ਨੇ ਸਾਥੀਆਂ ਸਮੇਤ ਪੁਲਸ ਚੌਕੀ 'ਚ ਲਿਖਤੀ ਸ਼ਿਕਾਇਤ ਕਰ ਦਿੱਤੀ। ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਮੰਡੀ ਨੂੰ ਪੁਲਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਹੈ, ਸ਼ਹਿਰ 'ਚ ਸਥਿਤ ਤਣਾਅਪੂਰਣ ਬਣੀ ਹੋਈ ਹੈ ਤੇ ਪੁਲਸ ਪ੍ਰਸ਼ਾਸਨ ਉਕਤ ਤਕਰਾਰਬਾਜ਼ੀ ਨੂੰ ਪੰਚਾਇਤੀ ਤੌਰ 'ਤੇ ਹਲ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਮੁਤਾਬਕ ਤਕਰਾਰ 'ਚ ਦੋਨਾਂ ਪੱਖਾਂ ਦੇ ਵਰਕਰ ਜ਼ਖਮੀ ਹੋ ਗਏ ਹਨ, ਜੋ ਇਲਾਜ ਅਧੀਨ ਹਨ ਤੇ ਉਕਤ ਘਟਨਾ ਦੀ ਹਰ ਪਾਸੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਹੈ।


Related News