ਡੀਜ਼ਲ ਨਾ ਮਿਲਣ ਕਾਰਨ ਕੂੜਾ ਢੋਣ ਵਾਲੀਆਂ ਗੱਡੀਆਂ ਨਹੀ ਚੱਲੀਆਂ

Saturday, Jan 20, 2018 - 07:58 AM (IST)

ਜਲੰਧਰ, (ਖੁਰਾਣਾ)- ਦੇਸ਼ ਭਰ ਦੇ 4 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਵਿਚ ਸਵੱਛਤਾ ਸਰਵੇਖਣ ਸ਼ੁਰੂ ਹੋ ਚੁੱਕਾ ਹੈ ਅਤੇ ਜਲੰਧਰ ਵਿਚ ਇਸ ਸਰਵੇਖਣ ਲਈ  ਕੇਂਦਰ ਸਰਕਾਰ ਦੀ ਟੀਮ ਕੁਝ ਹੀ ਦਿਨਾਂ ਵਿਚ ਆਉਣ ਵਾਲੀ ਹੈ। ਸ਼ਹਿਰ ਦੀ ਸਫਾਈ ਵਿਵਸਥਾ ਦਾ ਜਾਇਜ਼ਾ ਲੈ ਕੇ ਇਸ ਸਵੱਛਤਾ ਦੇ ਹਿਸਾਲ ਨਾਲ ਰੈਂਕਿੰਗ ਦਿੱਤੀ ਜਾਵੇਗੀ। ਇਸ ਰੈਂਕਿੰਗ ਦੇ ਹਿਸਾਬ ਨਾਲ ਕੇਂਦਰ ਸਰਕਾਰ ਤੋਂ ਗ੍ਰਾਂਟ ਮਿਲਣ ਲਈ ਮਾਨਕ ਤੈਅ ਕੀਤਾ ਜਾਵੇਗਾ।
ਸ਼ਹਿਰ ਦੀ ਸਫਾਈ ਵਿਵਸਥਾ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਗੱਡੀ ਪਟੜੀ 'ਤੇ ਨਹੀਂ ਆ ਰਹੀ। ਸ਼ਹਿਰ ਦੀਆਂ ਮੇਨ ਸੜਕਾਂ 'ਤੇ ਕੂੜੇ ਦੇ ਡੰਪ ਬਣੇ ਹੋਏ ਹਨ ਅਤੇ ਖੁੱਲ੍ਹੇ ਵਿਚ ਪਿਆ ਕੂੜਾ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਉਂਝ ਤਾਂ ਨਿਗਮ ਕੋਲ ਰੋਜ਼ ਕੂੜਾ ਚੁੱਕਣ ਲਈ ਵਰਕ ਫੋਰਸ ਅਤੇ ਮਸ਼ੀਨਰੀ ਮੌਜੂਦ ਹੈ ਪਰ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਈ ਵਾਰ ਸਥਿਤੀ ਬਹੁਤ ਗੰਭੀਰ ਬਣ ਜਾਂਦੀ ਹੈ। ਅੱਜ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਿਗਮ ਨੂੰ ਕਰਨਾ ਪੈ ਰਿਹਾ ਹੈ ਜਦੋਂ ਨਿਗਮ ਦੀ ਵਰਕਸ਼ਾਪ ਸਥਿਤ ਪੈਟਰੋਲ ਪੰਪ ਪੂਰੀ ਤਰ੍ਹਾਂ ਡ੍ਰਾਈ ਹੋ ਗਿਆ ਅਤੇ ਕੂੜਾ ਢੋਣ ਵਾਲੀਆਂ ਗੱਡੀਆਂ ਨੂੰ ਤੇਲ ਨਾ ਮਿਲਿਆ। ਨਗਰ ਨਿਗਮ ਜਿਸ ਪ੍ਰਾਈਵੇਟ ਪੈਟਰੋਲ ਪੰਪ ਕੋਲੋਂ ਕਦੇ-ਕਦੇ ਤੇਲ ਲੈ  ਲਿਆ ਕਰਦਾ ਸੀ ਤਾਂ ਉਸ ਨੇ ਵੀ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ ਇਸ ਕਾਰਨ ਅੱਜ ਸ਼ਹਿਰ ਵਿਚੋਂ ਕੂੜਾ ਨਹੀਂ ਉਠਾਇਆ ਜਾ ਸਕਿਆ ਅਤੇ ਸਾਰੀਆਂ ਮੇਨ ਸੜਕਾਂ 'ਤੇ ਕੂੜੇ ਦੇ ਢੇਰ ਲੱਗ ਗਏ ਹਨ।
ਓਲਡ ਜੀ. ਟੀ. ਰੋਡ 'ਤੇ ਹਾਲਤ ਸਭ ਤੋਂ ਜ਼ਿਆਦਾ ਖਰਾਬ
ਖੁੱਲ੍ਹੇ ਵਿਚ ਪਏ ਕੂੜੇ ਸਬੰਧੀ ਸਭ ਤੋਂ ਬੁਰੀ ਹਾਲਤ ਅੱਜ ਜੀ. ਟੀ. ਰੋਡ 'ਤੇ ਸਥਿਤ ਪਲਾਜ਼ਾ ਚੌਕ 'ਚ ਦੇਖਣ ਨੂੰ ਮਿਲੀ। ਜਿੱਥੇ ਭਾਰੀ ਗਿਣਤੀ ਵਿਚ ਕੂੜਾ ਇੰਝ ਪਿਆ ਹੋਇਆ ਸੀ ਜਿਵੇਂ ਖੇਤਰ ਦੀ ਸ਼ਾਪਕੀਪਰ ਮਾਰਕੀਟ ਐਸੋਸੀਏਸ਼ਨ ਇਸ ਖੇਤਰ ਨੂੰ ਸੁੰਦਰ ਬਣਾਉਣ ਵਿਚ ਲੱਗੀ ਹੋਈ ਹੈ ਪਰ ਕੂੜੇ ਦੇ ਇਨ੍ਹਾਂ ਢੇਰਾਂ ਨੇ ਐਸੋਸੀਏਸ਼ਨ ਦੇ ਉਤਸ਼ਾਹ ਨਾਲ ਠੰਡਾ ਕਰ ਦਿੱਤਾ। ਇਸ ਖੇਤਰ ਵਿਚ ਪੁਰਾਣੀ ਕੇ. ਪੀ. ਬੇਕਰੀ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਪ੍ਰਮੁੱਖ ਜਵੈਲਰਸ ਦੇ ਸ਼ੋਅਰੂਮ ਹਨ ਅਤੇ ਵੱਡੇ-ਵੱਡੇ ਕਾਰੋਬਰੀਆਂ ਦੇ ਦਫਤਰ ਹਨ ਪਰ ਜੀ. ਟੀ. ਰੋਡ 'ਤੇ ਪਏ ਕੂੜੇ ਦੇ ਢੇਰ ਗ੍ਰਹਿਣ ਲਗਾਉਂਦੇ ਦਿਖੇ।
ਪ੍ਰਧਾਨ ਮੰਤਰੀ ਤੋਂ ਕੁੱਝ ਸਿੱਖ ਲਓ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਾਲ ਪਹਿਲਾਂ ਜਦੋਂ ਸਵੱਛ ਭਾਰਤ ਮੁਹਿੰਮ ਲਾਂਚ ਕੀਤੀ ਸੀ। ਉਸ ਤੋਂ ਬਾਅਦ ਲੋਕਾਂ ਵਿਚ ਸਾਫ ਸਫਾਈ ਪ੍ਰਤੀ ਕੁਝ ਜਾਗਰੂਕਤਾ ਜ਼ਰੂਰ ਆਈ ਹੈ  ਹੁਣ ਬੱਚੇ ਅਤੇ ਨੌਜਵਾਨ ਵੀ ਟਾਫੀ ਅਤੇ ਚਿਪਸ ਦੇ ਪੈਕੇਟ ਦਾ ਰੈਪਰ ਆਦਿ ਇੱਧਰ-ਉਧਰ ਸੁੱਟਣ ਦੀ ਬਜਾਏ ਡਸਟਬਿਨ ਲੱਭਦੇ ਦੇਖੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਉਦਘਾਟਨ ਕੀਤਾ ਤਾਂ ਉਨ੍ਹਾਂ ਨੂੰ ਪ੍ਰਸ਼ਾਦ ਦੇ ਨਾਲ ਇਕ ਨੈਪਕਿਨ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਪ੍ਰਸ਼ਾਦ ਖਾਣ ਤੋਂ ਬਾਅਦ ਉਸ ਨੈਪਕਿਨ ਨਾਲ ਹੱਥ ਪੂੰਜੇ ਅਤੇ ਨੈਪਕਿਨ ਨੂੰ ਫੋਲਡ ਕਰਕੇ ਆਪਣੀ ਜੈਕੇਟ ਦੀ ਜੇਬ ਵਿਚ ਪਾ ਲਿਆ। ਵੀਡੀਓ ਕੈਮਰੇ ਨੇ ਇਹ ਦ੍ਰਿਸ਼ ਕੈਦ ਕਰ ਲਿਆ ਅਤੇ ਹੁਣ ਤੱਕ ਇਹ ਵੀਡੀਓ ਵਾਇਰਲ ਹੋ ਕੇ ਲੱਖਾਂ-ਕਰੋੜਾਂ ਲੋਕਾਂ ਤੱਕ ਪਹੁੰਚ ਚੁੱਕਾ ਹੈ। ਇਕ ਪਾਸੇ ਤਾਂ ਨਿਗਮ ਆਮ ਲੋਕਾਂ ਤੋਂ ਸਫਾਈ ਦੀ ਉਮੀਦ ਕਰਦਾ ਹੈ ਅਤੇ ਛੋਟੇ ਦੁਕਾਨਦਾਰਾਂ ਦੇ ਪਿੱਛੇ ਪਿਆ ਰਹਿੰਦਾ ਹੈ। ਇਨ੍ਹਾਂ ਦਿਨਾਂ ਵਿਚ ਨਿਗਮ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਧੜਾਧੜ ਕੱਟ ਰਿਹਾ ਹੈ ਪਰ ਸੜਕਾਂ 'ਤੇ ਉਂਝ ਹੀ ਗੰਦਗੀ ਫੈਲਾਉਣ ਵਾਲੇ ਨਿਗਮ ਦਾ ਚਾਲਾਨ ਕੌਣ ਕੱਟੇਗਾ?


Related News