ਗੁਰੂ ਨਗਰੀ ’ਚ ਕੂਡ਼ੇ ਦਾ ਡੰਪ ਲੋਕਾਂ ਲਈ ਬਣਿਆ ‘ਮੌਤ ਦਾ ਸਾਮਾਨ’

Monday, Jun 11, 2018 - 02:44 AM (IST)

 ਅੰਮ੍ਰਿਤਸਰ,   (ਛੀਨਾ)-  ਗੁਰੂ ਨਗਰੀ ’ਚ ਭਗਤਾਂਵਾਲਾ ਕੂਡ਼ੇ ਦਾ ਡੰਪ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਲਈ ਮੌਤ ਦਾ ਸਮਾਨ ਬਣ ਗਿਆ ਹੈ ਜਿਸ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਕਾਰਨ ਵੱਡੀ ਗਿਣਤੀ ’ਚ ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ ਤੇ ਕੁਝ ਜਾਣ ਦੀ ਤਿਆਰੀ ਕੱਸੀ ਬੈਠੇ ਹਨ। ਇਸ ਕੂਡ਼ੇ ਦੇ ਡੰਪ ਤੋਂ ਹਰ ਵੇਲੇ ਆਉਣ ਵਾਲੀ ਗੰਦੀ ਬਦਬੂ ਨੇ ਆਸ-ਪਾਸ ਦੇ ਨਿਵਾਸੀਆਂ ਦੀ ਜਿੱਥੇ ਜਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ ਉਥੇ ਇਨ੍ਹਾਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੇ ਘਰਾਂ ’ਚ ਮਹਿਮਾਨ ਵੀ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। 
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਕੂਡ਼ੇ ਦੇ ਡੰਪ ਨੂੰ ਲੈ ਕੇ  ਖੂਬ ਮਾਮਲਾ ਭਖਿਆ ਸੀ ਜਿਸ ਦੌਰਾਨ ਹਰੇਕ ਸਿਆਸੀ ਪਾਰਟੀ ਦੇ ਆਗੂ ਇਸ ਡੰਪ ਨੂੰ ਆਪੋ-ਆਪਣੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸ਼ਹਿਰ ਤੋਂ ਕਿੱਧਰੇ ਦੂਰ ਸ਼ਿਫਟ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਸਨ ਪਰ ਹੁਣ ਸੂਬੇ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਨੂੰ 1 ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹੈ ਪਰ ਇਸ ਕੂਡ਼ੇ ਦੇ ਡੰਪ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਕੋਈ ਚਾਰਾ ਨਹੀਂ ਕੀਤਾ ਗਿਆ ਜਿਸ ਦਾ ਖਮਿਆਜ਼ਾ ਸਿਆਸੀ ਲੀਡਰਾਂ ’ਤੇ ਭਰੋਸਾ ਕਰਨ ਵਾਲੇ ਲੋਕ ਭੁਗਤਣ ਲਈ ਮਜਬੂਰ ਹਨ। ਇਸ ਡੰਪ ਤੋਂ ਦੁੱਖੀ ਇਲਾਕਾ ਨਿਵਾਸੀਆਂ ਵੱਲੋਂ ਅੱਜ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਮਰਜੀਤ ਸਿੰਘ, ਨਿਰਮਲ ਸਿੰਘ ਨਿੰਮਾ, ਮੁੱਖਤਿਆਰ ਸਿੰਘ ਖਾਲਸਾ, ਕੁਲਵੰਤ ਸਿੰਘ, ਮਨਜੀਤ ਸਿੰਘ, ਲਵਪ੍ਰੀਤ ਸਿੰਘ ਠਰੂ, ਦਇਆ ਸਿੰਘ, ਲਖਵਿੰਦਰ ਸਿੰਘ ਗਾਬਡ਼ੀਆ, ਗੁਰਨਾਮ ਸਿੰਘ, ਸੰਜੀਤਪਾਲ ਸਿੰਘ, ਦਲਬੀਰ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਕਸੇਲੀਆ, ਰਾਮ ਸਿੰਘ, ਤੇਜਬੀਰ ਸਿੰਘ, ਬਲਬੀਰ ਕੌਰ, ਰਾਜਵਿੰਦਰ ਕੌਰ, ਨਰਿੰਦਰ ਕੌਰ ਤੇ ਜਸਬੀਰ ਕੌਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ  ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਕੂਡ਼ੇ ਦੇ ਡੰਪ ਨੂੰ ਸ਼ਹਿਰ ਤੋਂ ਬਾਹਰ ਸਿਫਟ ਕੀਤਾ ਜਾਵੇਗਾ ਤੇ ਇਥੇ ਸਾਹ ਰੋਗਾਂ ਦਾ ਹਸਪਤਾਲ ਬਣਾਇਆ ਜਾਵੇਗਾ ਪਰ ਸਰਕਾਰ ਬਣੀ ਨੂੰ ਹੁਣ 1 ਸਾਲ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਨੇ ਅਜੇ ਤੱਕ ਲੋਕਾਂ ਨੂੰ ਇਸ ਕੂਡ਼ੇ ਦੇ ਡੰਪ ਤੋਂ ਨਿਜ਼ਾਤ ਦਿਵਾਉਣ ਲਈ ਕੋਈ ਹੀਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਿਆਸ ਦਰਿਆ ’ਚ ਜ਼ਹਿਰੀਲਾ ਸੀਰਾ ਪੈਣ ਕਾਰਨ ਵੱਡੀ ਗਿਣਤੀ ’ਚ ਮੱਛੀਅਾਂ ਤੇ ਜੀਵ ਜੰਤੂ ਮਰਨ ਨਾਲ ਪੂਰਾ ਪੰਜਾਬ ਹਿੱਲ ਗਿਆ ਸੀ ਪਰ ਇਸ ਕੂਡ਼ੇ ਦੇ ਡੰਪ ਕਾਰਨ ਲੋਕ ਰੋਜਾਨਾਂ ਪਲ-ਪਲ ਮਰਨ ਲਈ ਮਜਬੂਰ ਹੋ ਰਹੇ ਹਨ ਪਰ ਸਰਕਾਰ ਨੂੰ ਜਿਉਂਦੇ ਲੋਕਾਂ ਦਾ ਕੋਈ ਫਿਕਰ ਹੀ ਨਹੀਂ ਹੈ।
 ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਗਲੀ ਮੁਹੱਲੇ ’ਚੋਂ ਜੇਕਰ 2 ਦਿਨ ਕੂਡ਼ਾ ਨਾ ਚੁੱਕਿਆ ਜਾਵੇ ਤਾਂ ਲੋਕ ਨੱਕੋ-ਨੱਕ ਆ ਜਾਂਦੇ ਹਨ ਤੇ ਸਾਰੇ ਸ਼ਹਿਰ ਦਾ ਕੂਡ਼ਾ ਸਾਡੇ ਘਰਾਂ ਦੇ ਨੇਡ਼ੇ ਸੁੱਟਿਆ ਜਾ ਰਿਹਾ ਹੈ ਤੇ ਸਾਡਾ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਕੋਈ ਬਹੁਤ ਅੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਸੂਬੇ ’ਚ 10 ਸਾਲ ਰਾਜ ਕੀਤਾ ਤੇ ਬੇਮਿਸਾਲ ਵਿਕਾਸ ਕੰਮ ਕਰਵਾਉਣ ਦੇ ਦਾਅਵੇ ਵੀ ਕੀਤੇ ਅਤੇ ਹੁਣ ਵਾਲੀ ਕਾਂਗਰਸ ਸਰਕਾਰ ਦੇ ਲੀਡਰ ਵੀ ਰਿਕਾਰਡਤੋਡ਼ ਵਿਕਾਸ ਕੰਮ ਕਰਨ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ ਪਰ ਜਿਸ ਗੰਦਗੀ ਦੇ ਡੰਪ ਨੂੰ ਕਈ ਸਾਲ ਪਹਿਲਾਂ ਹੀ ਸ਼ਹਿਰ ’ਚੋਂ ਕਿਧਰੇ ਦੂਰ ਸ਼ਿਫਟ ਕੀਤਾ ਜਾਣਾ ਚਾਹੀਦਾ ਸੀ ਉਸ ਵੱਲ ਨਾ ਕਿਸੇ ਨੇ ਪਹਿਲਾਂ ਧਿਆਨ ਦਿੱਤਾ ਤੇ ਨਾ ਹੀ ਕੋਈ ਹੁਣ ਬਹੁਤਾ ਫਿਕਰਮੰਦ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਡੰਪ ਦੇ ਨੇਡ਼ੇ ਕਿਸੇ ਸਿਆਸੀ ਪਾਰਟੀ ਦੇ ਵੱਡੇ ਲੀਡਰ ਨਹੀਂ ਬਲਕਿ ਲੀਡਰਾਂ ਨੂੰ ਵੋਟਾਂ ਪਾ ਕੇ ਵੱਡੇ ਆਗੂ ਬਣਾਉਣ ਵਾਲੇ ਆਮ ਲੋਕ ਰਹਿੰਦੇ ਹਨ। ਇਸ ਮੌਕੇ ਇਲਾਕਾ ਨਿਵਾਸੀਅਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਇਸ ਕੂਡ਼ੇ ਦੇ ਡੰਪ ਤੋਂ ਨਿਜ਼ਾਤ ਦਿਵਾਉਣ ਲਈ ਜਲਦ ਕੋਈ ਉਚਿਤ ਕਦਮ ਨਾ ਚੁੱਕੇ ਗਏ ਤਾਂ ਅਸੀਂ ਡੰਪ ਦੇ ਨੇਡ਼ੇ ਅਣਮਿਥੇ ਸਮੇਂ ਲਈ ਭੁੱਖ ਹਡ਼ਤਾਲ ਅਰੰਭ ਦੇਵਾਂਗੇ  ਕਿਉਂਕਿ
ਅਸੀਂ ਬਿਮਾਰੀਅਾਂ ਨਾਲ ਲਡ਼ਦੇ ਹੋਏ ਮਰਨ ਤੋਂ ਜਿਆਦਾ ਸੰਘਰਸ਼ ਕਰਦੇ ਹੋਏ ਮਰਨਾ ਪਸੰਦ ਕਰਾਂਗੇ। 
 


Related News