ਪੈਨਸ਼ਨਾਂ ਨਾ ਮਿਲਣ ਕਾਰਨ ਬਿਜਲੀ ਘਰ ਮਜੀਠਾ ''ਚ ਅਣਮਿੱਥੇ ਸਮੇਂ ਲਈ ਧਰਨਾ

Wednesday, Dec 06, 2017 - 07:39 AM (IST)

ਮਜੀਠਾ, (ਸਰਬਜੀਤ)- ਪੰਜਾਬ ਰਾਜ ਪਾਵਰਕਾਮ/ਟ੍ਰਾਂਸਕੋ ਲਿਮ. ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਸੂਬਾ ਕਮੇਟੀ ਦੀ ਕਾਲ 'ਤੇ ਸਬ-ਅਰਬਨ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ਬਿਜਲੀ ਘਰ ਮਜੀਠਾ ਵਿਖੇ ਅੱਜ ਦੂਜੇ ਦਿਨ ਵੀ ਰੋਸ ਰੈਲੀ ਕਰ ਕੇ ਪੱਕਾ ਧਰਨਾ ਮਾਰਿਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ/ਟ੍ਰਾਂਸਕੋ ਦੇ ਪੈਨਸ਼ਨਰਾਂ ਨੂੰ ਮਹਿਕਮੇ ਵੱਲੋਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਪਾ ਦਿੱਤੀ ਜਾਂਦੀ ਸੀ ਪਰ ਇਸ ਮਹੀਨੇ ਅਜੇ ਤੱਕ ਪੈਨਸ਼ਨਾਂ ਦੀ ਰਕਮ ਨਹੀਂ ਆਈ, ਜਿਸ ਕਾਰਨ ਸਬ-ਅਰਬਨ ਮੰਡਲ ਅੰਮ੍ਰਿਤਸਰ ਦੇ ਸਮੁੱਚੇ ਪੈਨਸ਼ਨਰਾਂ 'ਚ ਗੁੱਸੇ ਦੀ ਲਹਿਰ ਹੈ।
ਜਥੇਬੰਦੀ ਵੱਲੋਂ ਇਸ ਸਬੰਧੀ ਪਾਵਰਕਾਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਬਿਜਲੀ ਘਰ ਮਜੀਠਾ ਵਿਖੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਪੈਨਸ਼ਨਾਂ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਨਹੀਂ ਆ ਜਾਂਦੀ ਓਨਾ ਚਿਰ ਬਿਜਲੀ ਘਰ ਮਜੀਠਾ ਵਿਖੇ ਪੱਕਾ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਜੋ ਵੀ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ ਸਬ-ਅਰਬਨ ਮੰਡਲ ਦੇ ਸਮੁੱਚੇ ਪੈਨਸ਼ਨਰ ਪੂਰੀ ਤਨਦੇਹੀ ਨਾਲ ਉਨ੍ਹਾਂ ਨੂੰ ਲਾਗੂ ਕਰਨਗੇ।
ਪਾਵਰਕਾਮ ਦਾ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ 'ਚ ਟੀ. ਐੱਸ. ਯੂ., ਫੈੱਡਰੇਸ਼ਨ ਏਟਕ, ਐੱਮ. ਐੱਸ. ਯੂ. ਤੇ ਫੈੱਡਰੇਸ਼ਨ ਪਹਿਲਵਾਨ ਦੇ ਆਗੂਆਂ ਨੇ ਅੱਜ ਦੀ ਰੋਸ ਰੈਲੀ ਵਿਚ ਸ਼ਾਮਲ ਹੋ ਕੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਪ੍ਰਧਾਨ ਰਾਮ ਲੁਭਾਇਆ ਨਾਲ ਮਹਿੰਦਰ ਸਿੰਘ ਖਹਿਰਾ, ਰਵੇਲ ਸਿੰਘ ਗੋਸਲ, ਸੁਖਦੇਵ ਸਿੰਘ ਮਰੜੀ, ਜੁਗਿੰਦਰ ਸਿੰਘ ਸੋਹੀ, ਦਲਵਿੰਦਰ ਸਿੰਘ ਸੁਪਾਰੀਵਿੰਡ, ਜਗੀਰ ਸਿੰਘ ਸੋਹੀ, ਗੁਰਬੀਰ ਸਿੰਘ, ਗੁਰਬਚਨ ਸਿੰਘ, ਜਗਮੋਹਨ ਅੰਮ੍ਰਿਤਸਰੀਆ, ਕਸ਼ਮੀਰ ਸਿੰਘ ਕੋਟਲਾ, ਸੁਲਤਾਨ ਸਿੰਘ, ਰਣਜੀਤ ਸਿੰਘ ਖੁਸ਼ੀਪੁਰ, ਬਲਵਿੰਦਰ ਸਿੰਘ ਰਾਮਦੀਵਾਲੀ, ਹਰਭਜਨ ਸਿੰਘ ਜਲਾਲਪੁਰਾ, ਗੁਰਨਾਮ ਸਿੰਘ ਡੱਡੀਆਂ, ਹਰਭਜਨ ਸਿੰਘ ਜੇਠੂਵਾਲ, ਜਸਪਾਲ ਸਿੰਘ ਨਾਗ ਕਲਾਂ ਆਦਿ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ। 


Related News