ਸ਼ਾਰਟ ਸਰਕਟ ਕਾਰਨ ਘਰ ''ਚ ਲੱਗੀ ਅੱਗ, ਸਾਮਾਨ ਤੇ ਕੱਪੜੇ ਸੜ ਕੇ ਸੁਆਹ
Wednesday, Jan 03, 2018 - 07:56 AM (IST)
ਬੱਸੀ ਪਠਾਣਾਂ, (ਰਾਜਕਮਲ)- ਨਵੇਂ ਸਾਲ ਦੀ ਪਹਿਲੀ ਰਾਤ ਪਰਮਜੀਤ ਸਿੰਘ ਨਿਵਾਸੀ ਮਹਿਦੂਦਾਂ 'ਤੇ ਕਹਿਰ ਬਣ ਕੇ ਵਰੇ ਸ਼ਾਰਟ ਸਰਕਟ ਕਾਰਨ ਘਰ 'ਚ ਲੱਗੀ ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਘਰ 'ਚ ਪਏ ਸਾਰੇ ਸਾਮਾਨ ਅਤੇ ਕੱਪੜੇ ਸੜ ਜਾਣ ਕਾਰਨ ਪਰਿਵਾਰਕ ਮੈਂਬਰਾਂ ਵਿਸ਼ੇਸ਼ ਤੌਰ 'ਤੇ ਛੋਟੇ-ਛੋਟੇ ਬੱਚਿਆਂ ਨੇ ਰੋਂਦੇ ਹੋਏ ਕਿਹਾ ਕਿ ਹੁਣ ਤਾਂ ਸਰਦੀਆਂ ਤੋਂ ਆਪਣਾ ਬਚਾਅ ਕਿਵੇਂ ਕਰਾਂਗੇ ਅਤੇ ਕਿਹੜੇ ਕੱਪੜੇ ਪਾ ਕੇ ਸਕੂਲ ਜਾਵਾਂਗੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ, ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਬਹੁਤ ਹੀ ਖਰਾਬ ਹੈ ਅਤੇ ਘਰ ਦੀ ਛੱਤ ਕਮਜ਼ੋਰ ਹੋਣ ਕਾਰਨ ਉਹ ਭਰਾ ਦੇ ਘਰ ਸੌਣ ਜਾਂਦੇ ਸਨ ਪਰ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਜਿਵੇਂ ਹੀ ਆਪਣੇ ਭਰਾ ਦੇ ਘਰ ਸੌਣ ਲਈ ਗਏ ਤਾਂ ਰਾਤ ਦੇ ਲਗਭਗ 11 ਵਜੇ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੇ ਘਰ ਨੂੰ ਅੱਗ ਲੱਗਣ ਅਤੇ ਘਰ 'ਚੋਂ ਧੂੰਆਂ ਨਿਕਲਣ ਬਾਰੇ ਦੱਸਿਆ।
ਜਦ ਤੱਕ ਉਹ ਘਰ 'ਚ ਪਹੁੰਚਦੇ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ ਹੋ ਚੁੱਕਾ ਸੀ। ਉਕਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਜੋ ਕੱਪੜੇ ਉਨ੍ਹਾਂ ਨੇ ਪਹਿਨੇ ਸਨ ਉਹੀ ਕੱਪੜੇ ਹੁਣ ਉਨ੍ਹਾਂ ਦੇ ਕੋਲ ਬਚੇ ਹਨ, ਬਾਕੀ ਸਭ ਰਾਖ ਹੋ ਗਿਆ ਹੈ।
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ?
ਪਿੰਡ ਦੇ ਸਰਪੰਚ ਨੈਬ ਸਿੰਘ ਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਦੀ ਮਾਲੀ ਹਾਲਤ ਬਹੁਤ ਹੀ ਖਰਾਬ ਹੈ ਅਤੇ ਪਰਮਜੀਤ ਸਿੰਘ ਟੈਂਪੂ ਚਲਾ ਕੇ ਅਤੇ ਸੁਖਜੀਤ ਕੌਰ ਮਨਰੇਗਾ 'ਚ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਫਰਿਆਦ ਕੀਤੀ ਕਿ ਉਕਤ ਪਰਿਵਾਰ ਦੀ ਮਦਦ ਕੀਤੀ ਜਾਵੇ।
