87 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਕੰਮ ਲਟਕਿਆ

02/19/2018 1:25:45 AM

ਨਵਾਂਸ਼ਹਿਰ, (ਤ੍ਰਿਪਾਠੀ)- ਪੁਰਾਣੇ ਸਮੇਂ 'ਚ ਕਿਸੇ ਰਾਸ਼ਟਰ ਦੀ ਤਾਕਤ ਦਾ ਅਨੁਮਾਨ ਲੜਾਈ ਦੇ ਮੈਦਾਨ 'ਚ ਲਾਇਆ ਜਾਂਦਾ ਸੀ ਪਰ ਅੱਜ ਰਾਸ਼ਟਰ ਦੇ ਖਿਡਾਰੀਆਂ ਤੋਂ ਲਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸੰਸਾਰ 'ਚ ਤੇਜ਼ੀ ਨਾਲ ਆਰਥਕ ਅਤੇ ਸੈਨਿਕ ਸ਼ਕਤੀ ਦੇ ਰੂਪ 'ਚ ਖੁਦ ਨੂੰ ਸਥਾਪਤ ਕਰਨ ਵਾਲੇ ਗੁਆਂਢੀ ਰਾਸ਼ਟਰ ਚੀਨ ਨੇ ਆਪਣੇ ਖਿਡਾਰੀਆਂ ਦੀ ਮਾਰਫ਼ਤ ਅੰਤਰਰਾਸ਼ਟਰੀ ਪੱਧਰ 'ਤੇ ਆਯੋਜਿਤ ਹੋਣ ਵਾਲੇ ਖੇਡ ਮੁਕਾਬਲਿਆਂ 'ਚ ਆਪਣੀ ਤਾਕ ਜਮਾਉਣ ਦਾ ਕੰਮ ਪਹਿਲਾਂ ਕੀਤਾ। ਇਸ ਤੋਂ ਉਲਟ ਅਸੀਂ ਇੱਕਾ-ਦੁੱਕਾ ਖੇਡਾਂ ਨੂੰ ਛੱਡ ਕੇ ਹੋਰਨਾਂ ਖੇਡਾਂ ਵਿਚ ਫਾਡੀ ਬਣੇ ਹੋਏ ਹਾਂ, ਜਿਸ ਦਾ ਮੁੱਖ ਕਾਰਨ ਜਿਥੇ ਖੇਡ ਮੈਦਾਨਾਂ ਦੀ ਘਾਟ ਹੈ, ਉਥੇ ਹੀ ਖੇਡਾਂ ਦੇ ਸਾਮਾਨ, ਉਚਿਤ ਫੰਡ, ਖੇਡ ਨੀਤੀ ਅਤੇ ਖੇਡ ਕੋਚਾਂ ਦੀ ਕਮੀ ਹੈ। ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕਦੇ-ਕਦੇ ਕੁਝ ਯਤਨ ਹੁੰਦੇ ਵਿਖਾਈ ਤਾਂ ਦਿੰਦੇ ਹਨ ਪਰ ਭ੍ਰਿਸ਼ਟ ਤੰਤਰ 'ਚ ਅਜਿਹੇ ਯਤਨ ਸਫਲ ਨਹੀਂ ਹੋ ਪਾ ਰਹੇ। ਇਸੇ ਤਰ੍ਹਾਂ ਦੇ ਯਤਨਾਂ ਤਹਿਤ ਜ਼ਿਲੇ ਦੇ ਮਹੱਤਵਪੂਰਨ ਕਸਬੇ ਬੰਗਾ ਵਿਖੇ ਪਿਛਲੇ ਡੇਢ ਸਾਲ ਤੋਂ ਸ਼ੁਰੂ ਹੋਇਆ ਖੇਡ ਸਟੇਡੀਅਮ ਜਿਥੇ ਫੰਡਾਂ ਦੀ ਘਾਟ ਕਾਰਨ ਪੂਰਾ ਨਹੀਂ ਹੋ ਸਕਿਆ, ਉਥੇ ਹੀ ਨਿਰਮਾਣ ਅਧੀਨ ਸਟੇਡੀਅਮ ਦੀ ਮੀਂਹ ਪੈਣ ਨਾਲ ਧੱਸੀਆਂ ਪੌੜੀਆਂ ਅਤੇ ਹੋਰ ਨੁਕਸਾਨ ਨੇ ਇਸ ਦੇ ਕੰਮ 'ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ।  
ਫੰਡਾਂ ਦੀ ਘਾਟ ਕਾਰਨ ਰੁਕਿਐ ਨਿਰਮਾਣ ਕਾਰਜ : ਸਮਾਜ ਸੇਵੀ ਅਤੇ ਆਰ. ਟੀ. ਆਈ. ਐਕਟੀਵਿਸਟ ਮੁਨੀਸ਼ ਭਾਰਦਵਾਜ ਵੱਲੋਂ ਨਗਰ ਕੌਂਸਲ ਬੰਗਾ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਸੂਚਨਾ 'ਚ ਜਾਣਕਾਰੀ ਮਿਲੀ ਕਿ ਬੰਗਾ ਦੇ ਸਾਗਰ ਗੇਟ 'ਤੇ ਬਣਾਏ ਜਾ ਰਹੇ 87 ਲੱਖ ਰੁਪਏ ਦੀ ਰਾਸ਼ੀ ਦੇ ਖੇਡ ਸਟੇਡੀਅਮ ਦਾ ਉਸਾਰੀ ਕੰਮ ਦਸੰਬਰ, 2016 'ਚ ਸ਼ੁਰੂ ਹੋਇਆ ਸੀ, ਜਿਸ ਤਹਿਤ ਠੇਕੇਦਾਰ ਨੂੰ 32 ਲੱਖ ਰੁਪਏ ਦਾ ਭੁਗਤਾਨ ਹੋ ਚੁੱਕਾ ਹੈ ਪਰ ਸਾਬਕਾ ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ 'ਚ ਸ਼ੁਰੂ ਹੋਏ ਇਸ ਸਟੇਡੀਅਮ ਦਾ ਕੰਮ ਹੋਰ ਫੰਡ ਰਿਲੀਜ਼ ਨਾ ਹੋਣ ਕਾਰਨ ਵਿਚਾਲੇ ਹੀ ਲਟਕ ਕੇ ਰਹਿ ਗਿਆ ਹੈ। 
ਪਹਿਲੇ ਮੀਂਹ 'ਚ ਡਿੱਗੀ ਸਟੇਡੀਅਮ ਦੀ ਕੰਧ : ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਆਰਗੇਨਾਈਜ਼ੇਸ਼ਨ ਨੇ ਦੱਸਿਆ ਕਿ ਬੀਤੇ ਸਾਲ ਜੁਲਾਈ 'ਚ ਪਏ ਪਹਿਲੇ ਮੀਂਹ ਵਿਚ ਹੀ ਸਟੇਡੀਅਮ ਦੀ ਕੰਧ ਡਿੱਗ ਗਈ ਸੀ ਜਦੋਂਕਿ ਹੁਣ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਸਟੇਡੀਅਮ ਦੀਆਂ ਪੌੜੀਆਂ ਕਈ ਥਾਵਾਂ ਤੋਂ ਧੱਸ ਗਈਆਂ ਹਨ। ਆਰਗੇਨਾਈਜ਼ੇਸ਼ਨ ਦੇ ਅਧਿਕਾਰੀ ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਸਟੇਡੀਅਮ ਦੇ ਉਸਾਰੀ ਕੰਮ 'ਚ ਕਥਿਤ ਤੌਰ 'ਤੇ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਕਰ ਕੇ ਹੀ ਨਿਰਮਾਣ ਅਧੀਨ ਸਟੇਡੀਅਮ ਦਾ ਮੁੱਖ ਹਿੱਸਾ 2 ਵਾਰ ਡਿੱਗ ਗਿਆ ਹੈ। ਉਨ੍ਹਾਂ ਨੇ ਇਸ ਸਬੰਧ 'ਚ ਸਪੈਸ਼ਲ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਹਲਕਾ ਇੰਚਾਰਜ ਸਤਵੀਰ ਸਿੰਘ 
ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਉਕਤ ਸਟੇਡੀਅਮ ਦਾ ਨਿਰਮਾਣ ਅਕਾਲੀ-ਭਾਜਪਾ ਪਾਰਟੀ ਦੀ ਬਹੁਮਤ ਵਾਲੀ ਨਗਰ ਕੌਂਸਲ ਬੰਗਾ ਵੱਲੋਂ ਕਰਵਾਇਆ ਜਾ ਰਿਹਾ ਹੈ। ਜੇਕਰ ਨਿਰਮਾਣ ਕਾਰਜ ਦੇ ਮਟੀਰੀਅਲ ਵਿਚ ਲੱਗੇ ਦੋਸ਼ ਸਿੱਧ ਹੁੰਦੇ ਹਨ ਤਾਂ ਜ਼ਿੰਮੇਵਾਰ ਅਧਿਕਾਰੀ ਅਤੇ ਨਿਰਮਾਣ ਕੰਮ ਵਿਚ ਲੱਗੇ ਵਿਅਕਤੀਆਂ 'ਤੇ ਕਾਨੂੰਨ ਤਹਿਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਜ਼ਰੂਰੀ ਫੰਡ ਮੰਗਵਾ ਕੇ ਨਿਰਮਾਣ ਕਾਰਜ ਪੂਰਾ ਕਰਵਾਇਆ ਜਾਵੇਗਾ।


Related News