ਹੁੰਮਸ ਭਰੀ ਗਰਮੀ ਤੇ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਬੇਹਾਲ, ਮਜ਼ਦੂਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ

Thursday, Jul 25, 2024 - 11:00 AM (IST)

ਹੁੰਮਸ ਭਰੀ ਗਰਮੀ ਤੇ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਬੇਹਾਲ, ਮਜ਼ਦੂਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ

ਅੰਮ੍ਰਿਤਸਰ (ਜ.ਬ.)-ਹੁੰਮਸ ਭਰੇ ਮੌਸਮ ਅਤੇ ਗਰਮੀ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਦੁਪਹਿਰ ਸਮੇਂ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਹੁੰਮਸ ਅਤੇ ਗਰਮੀ ਦੇ ਵਿਚਕਾਰ ਏ. ਸੀ. ਵੀ ਫੇਲ ਹੁੰਦੇ ਨਜ਼ਰ ਆ ਰਹੇ ਹੈ।ਇਸ ਮੌਸਮ ਵਿੱਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਿਜਲੀ ਦੇ ਲਗਾਤਾਰ ਕੱਟ ਇਸ ਸਮੱਸਿਆ ਨੂੰ ਹੋਰ ਵਧਾ ਰਹੇ ਹਨ। ਇਸ ਤੋਂ ਇਲਾਵਾ ਹੁੰਮਸ ਕਾਰਨ ਕਈ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਗਲੇ ਵਿਚ ਖਰਾਸ਼ ਦੇ ਮਾਮਲੇ ਆਮ ਹੋ ਰਹੇ ਹਨ ਅਤੇ ਡੀਹਾਈਡਰੇਸ਼ਨ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਲੋਕ ਸਮੇਂ-ਸਮੇਂ ’ਤੇ ਪਾਣੀ ਜਾਂ ਠੰਢਾ ਪਾਣੀ ਪੀਂਦੇ ਰਹਿਣ, ਤਾਂ ਜੋ ਇਸ ਗਰਮੀ ਦੇ ਕਾਰਨ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕੇ। ਇਸ ਅੱਤ ਦੀ ਗਰਮੀ ਦਾ ਪਸ਼ੂ-ਪੰਛੀਆਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ

ਸਵੇਰ ਤੋਂ ਸ਼ਾਮ ਤੱਕ ਦੇ ਹਾਲਾਤ

ਸਵੇਰ ਤੋਂ ਸ਼ਾਮ ਤੱਕ ਹੁੰਮਸ ਅਤੇ ਗਰਮੀ ਕਾਰਨ ਹਾਲਾਤ ਕਾਫੀ ਤਰਸਯੋਗ ਅਤੇ ਚਿੰਤਾਜਨਕ ਰਹੇ। ਇਸ ਮੌਸਮ ਕਾਰਨ ਬਾਹਰਲੇ ਰਾਜਾਂ ਤੋਂ ਅੰਮ੍ਰਿਤਸਰ ਆਉਣ ਵਾਲੇ ਸ਼ਹਿਰ ਵਾਸੀ ਅਤੇ ਸੈਲਾਨੀ ਕਾਫੀ ਪ੍ਰੇਸ਼ਾਨ ਨਜ਼ਰ ਆਏ।

ਕੀ ਰਿਹਾ ਤਾਪਮਾਨ 

ਬੁੱਧਵਾਰ ਨੂੰ ਦਿਨ ਭਰ ਸਥਿਤੀ ਕਾਫੀ ਚਿੰਤਾਜਨਕ ਰਹੀ। ਮੌਸਮ ਵਿਭਾਗ ਅਨੁਸਾਰ ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ ਪਰ ਹੁੰਮਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰ ਵਰਗ ਅਤੇ ਆਮ ਲੋਕ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਹੁੰਮਸ ਅਤੇ ਗਰਮੀ ਵਿਚ ਰਿਕਸ਼ਾ ਚਾਲਕ ਅਕਸਰ ਸੜਕਾਂ ’ਤੇ ਪਸੀਨੇ ਨਾਲ ਭਿੱਜੇ ਦੇਖੇ ਜਾਂਦੇ ਹਨ। ਬਹੁਤ ਸਾਰੇ ਬੱਚਿਆਂ ਨੇ ਹੁੰਮਸ ਅਤੇ ਗਰਮੀ ਤੋਂ ਬਚਣ ਲਈ ਸਵੀਮਿੰਗ ਪੂਲ ਅਤੇ ਛੋਟੀਆਂ ਨਹਿਰਾਂ ਵਿੱਚ ਨਹਾਉਣ ਵੱਲ ਰੁਖ ਕੀਤਾ।

ਇਹ ਵੀ ਪੜ੍ਹੋ-ਕੇਂਦਰੀ ਬਜਟ 'ਤੇ ਬੋਲੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕਿਹਾ- ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ

ਡੀਹਾਈਡ੍ਰੇਸ਼ਨ ਅਤੇ ਸਨਸਟ੍ਰੋਕ ਦੇ ਮਾਮਲੇ ਵਧੇ 

ਹੁੰਮਸ ਅਤੇ ਗਰਮੀ ਕਾਰਨ ਲੋਕਾਂ ਵਿਚ ਡੀਹਾਈਡ੍ਰੇਸ਼ਨ ਅਤੇ ਸਨਸਟ੍ਰੋਕ ਦੇ ਮਾਮਲੇ ਵਧੇ ਹਨ, ਜਿਸ ਕਾਰਨ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਸਰਕਾਰੀ ਅੰਕੜੇ ਦਿਖਾ ਰਹੇ ਹਨ ਕਿ ਇਸ ਹੁੰਮਸ ਕਾਰਨ ਗਰਮੀ ਵਧਣ ਜਾਂ ਮੀਂਹ ਨਾ ਪੈਣ ਕਾਰਨ ਅਜਿਹੇ ਮਾਮਲਿਆਂ ਵਿਚ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸਬੰਧਤ ਵਿਭਾਗ ਨੇ ਇਸ ਸਬੰਧੀ ਲੋਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤਾਂ ਜੋ ਲੋਕ ਐਡਵਾਈਜ਼ਰੀ ਦੇ ਨਿਯਮਾਂ ਦੀ ਪਾਲਣਾ ਕਰ ਕੇ ਆਪਣੀ ਰੱਖਿਆ ਕਰ ਸਕਣ।

ਕੁੱਲ ਮਿਲਾ ਕੇ ਇੱਕ ਪਾਸੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਦੂਜੇ ਪਾਸੇ ਬਰਸਾਤ ਦੀ ਕਮੀ ਤੋਂ ਇਲਾਵਾ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਤੀਹਰੀ ਮਾਰ ਝੱਲਣੀ ਪੈ ਰਹੀ ਹੈ। ਮੌਸਮ ਵਿਗਿਆਨੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਜੇਕਰ ਜਲਦੀ ਮੀਂਹ ਨਾ ਪਿਆ ਤਾਂ ਕਈ ਖਤਰਨਾਕ ਬੀਮਾਰੀਆਂ ਫੈਲਣ ਦਾ ਡਰ ਹੈ।

ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News