ਗਲੀ ''ਚ ਪੁੱਟੇ ਖੱਡੇ ਕਾਰਨ ਮੁਹੱਲਾ ਵਾਸੀ ਦੁਖੀ
Sunday, Jul 02, 2017 - 12:28 AM (IST)

ਰੂਪਨਗਰ, (ਵਿਜੇ)- ਪਿਆਰਾ ਸਿੰਘ ਕਾਲੋਨੀ (ਵਾਰਡ ਨੰ. 14) ਦੀ ਇਕ ਗਲੀ 'ਚ ਸੜਕ 'ਤੇ ਪੁੱਟੇ ਖੱਡੇ ਕਾਰਨ ਮੁਹੱਲਾ ਵਾਸੀ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਰੋਸ ਪ੍ਰਗਟ ਕਰਦੇ ਹੋਏ ਵਾਰਡ ਕੌਂਸਲਰ ਦੇ ਪਤੀ ਤੇ ਸਮਾਜ ਸੇਵੀ ਗੁਰਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਗਲੀ 'ਚ ਪਾਣੀ ਦੇ ਵਾਲਵ ਨੂੰ ਠੀਕ ਕਰਨ ਲਈ ਨਗਰ ਕੌਂਸਲ ਵੱਲੋਂ ਖੱਡਾ ਪੁੱਟਿਆ ਗਿਆ ਸੀ ਪਰ ਡੇਢ ਮਹੀਨੇ ਤੋਂ ਉਕਤ ਖੱਡਾ ਜਿਉਂ ਦਾ ਤਿਉਂ ਹੈ, ਜਿਸ ਨੂੰ ਭਰਿਆ ਨਹੀਂ ਗਿਆ। ਖੱਡੇ ਦੇ ਆਸ-ਪਾਸ ਰਹਿੰਦੇ ਲੋਕਾਂ ਨੂੰ ਜਿਥੇ ਖਤਰਾ ਰਹਿੰਦਾ ਹੈ, ਉਥੇ ਹੀ ਹਾਦਸਿਆਂ ਦਾ ਡਰ ਵੀ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਖੱਡੇ ਨੂੰ ਭਰਨ ਦੇ ਸਬੰਧ 'ਚ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੂੰ ਵੀ ਮਿਲ ਚੁੱਕੇ ਹਨ, ਜਦੋਂਕਿ ਸਮੱਸਿਆ ਦੇ ਸਬੰਧ 'ਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਅੱਗੇ ਵੀ ਗੁਹਾਰ ਲਾ ਚੁੱਕੇ ਹਨ ਪਰ ਸੀਵਰੇਜ ਬੋਰਡ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਕਤ ਕੰਮ ਨਗਰ ਕੌਂਸਲ ਵੱਲੋਂ ਹੀ ਕਰਵਾਇਆ ਜਾਵੇਗਾ। ਗੁਰਵਿੰਦਰ ਸਿੰਘ ਜੱਗੀ ਨੇ ਇਸ ਸਬੰਧ 'ਚ ਜ਼ਿਲਾ ਪ੍ਰਸ਼ਾਸਨ ਤੇ ਵਿਭਾਗੀ ਅਧਿਕਾਰੀਆਂ ਤੋਂ ਮੁਹੱਲਾ ਵਾਸੀਆਂ ਦੀ ਸਹੂਲਤ ਲਈ ਤੁਰੰਤ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਸਬੰਧ 'ਚ ਨਗਰ ਕੌਂਸਲ ਦੇ ਈ. ਓ. ਭੂਸ਼ਣ ਕੁਮਾਰ ਜੈਨ ਨੇ ਕਿਹਾ ਕਿ ਉਹ ਜਲਦ ਉਕਤ ਸਮੱਸਿਆ ਦਾ ਹੱਲ ਕਰਵਾਉਣਗੇ।