ਬਾਰਿਸ਼ ਹੋਣ ’ਤੇ ਮੌਸਮ ਹੋਇਅਾ ਖੁਸ਼ਗਵਾਰ
Sunday, Jul 22, 2018 - 05:19 AM (IST)

ਮਾਨਸਾ, (ਜੱਸਲ)- ਮਾਨਸਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ’ਚ ਪਈ ਮੋਹਲੇਧਾਰ ਬਾਰਿਸ਼ ਨਾਲ ਸ਼ਹਿਰ ਵਾਸੀਆਂ ਨੂੰ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਕ ਹਫਤਾ ਪਹਿਲਾਂ ਅਾਸਮਾਨ ’ਤੇ ਲਗਾਤਾਰ ਬੱਦਲਵਾਈ ਦੇਖਣ ਨੂੰ ਮਿਲ ਰਹੀ ਸੀ। ਸ਼ਹਿਰ ਵਾਸੀ ਖਾਸਕਰ ਨੰਨ੍ਹੇ-ਮੁੰਨੇ ਬੱਚਿਆਂ ਨੇ ਪੈ ਰਹੀ ਬਾਰਿਸ਼ ’ਚ ਨੱਚ-ਟੱਪ ਕੇ ਨਹਾਉਂਦਿਅਾਂ ਖੂਬ ਆਨੰਦ ਮਾਣਿਆ। ਦੂਜੇ ਪਾਸੇ ਸ਼ਹਿਰ ਅੰਦਰ ਪਈ ਇਸ ਬਾਰਿਸ਼ ਨੇ ਨਗਰ ਕੌਂਸਲ ਮਾਨਸਾ ਦੇ ਸੀਵਰੇਜ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੋਲ੍ਹ ਦਿੱਤੀ, ਜਦੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਤੇ ਗਲੀਆਂ ਜਲ-ਥਲ ਹੋ ਗਈਆਂ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ, ਹਸਪਤਾਲ ਰੋਡ, ਚਕੇਰੀਆਂ ਰੋਡ, ਲੱਲੂਆਣਾ ਰੋਡ, ਵਨ ਵੇ ਟਰੈਫਿਕ ਰੋਡ, ਗਊਸ਼ਾਲਾ ਰੋਡ, ਅੰਡਰਬ੍ਰਿਜ ਨੂੰ ਜਾਂਦੀ ਸਡ਼ਕ ’ਤੇ ਬੇਹਤਾਸ਼ਾ ਪਾਣੀ ਭਰ ਗਿਆ। ਸ਼ਹਿਰ ਦੇ ਕਈ ਵਾਰਡਾਂ ਦੀਆਂ ਗਲੀਆਂ ’ਚ ਪਾਣੀ ਖਡ਼੍ਹਾ ਹੋਣ ਕਾਰਨ ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ ਰਹੇ। ਮਾਨਸਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ’ਚ ਬਾਰਿਸ਼ ਪੈਣ ਨਾਲ ਮੌਸਮ ਖੁਸ਼ਗਵਾਰ ਦੇਖਣ ਨੂੰ ਮਿਲਿਆ। ਸ਼ਹਿਰ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਰਿਸ਼ਾਂ ਦੇ ਪਾਣੀ ਦੀ ਨਿਕਾਸੀ ਲਈ ਉਚਿੱਤ ਪ੍ਰਬੰਧ ਕੀਤੇ ਜਾਣ।
ਸਰਦੂਲਗਡ਼੍ਹ (ਰਮਨਦੀਪ)- ਸਰਦੂਲਗਡ਼੍ਹ ਸ਼ਹਿਰ ’ਚ ਮਾਨਸੂਨ ਦੀ ਪਹਿਲੀ ਬਰਸਾਤ ਹੋਣ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਭਾਰੀ ਰਾਹਤ ਮਿਲੀ, ਜਦਕਿ ਮੀਂਹ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿਚ ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਝੋਨੇ ਦੀ ਫਸਲ ਵਗੈਰ ਪਾਣੀ ਤੋਂ ਸੁੱਕ ਰਹੀ ਸੀ।