ਮੁਆਵਜ਼ੇ ਦੇ ਚੈੱਕ ਨਾ ਮਿਲਣ ਕਾਰਨ ਵਿਭਾਗ ਤੇ ਪਿੰਡ ਵਾਸੀ ਆਹਮੋ-ਸਾਹਮਣੇ
Tuesday, Mar 06, 2018 - 02:34 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਮੋਗਾ-ਬਰਨਾਲਾ ਰਾਸ਼ਟਰੀ ਮਾਰਗ ਨੂੰ ਫੋਰਲੇਨ ਕਰਨ ਦੇ ਚੱਲ ਰਹੇ ਕੰਮ ਦੌਰਾਨ ਪਿੰਡ ਮਾਛੀਕੇ ਦੇ ਬਾਬਾ ਜਿਊਣ ਦਾਸ ਤੇ ਬਾਬਾ ਅਮਰ ਦਾਸ, ਨਾਨਕਸਰ ਗੁਰਦੁਆਰਾ ਸਾਹਿਬ, ਮਜ਼੍ਹਬੀ ਸਿੱਖ ਧਰਮਸ਼ਾਲਾ, ਮੁਸਲਿਮ ਭਾਈਚਾਰੇ ਦੀ ਮਸਜਿਦ ਸਮੇਤ ਦਰਜਨਾਂ ਪਿੰਡ ਵਾਸੀਆਂ ਦੀ ਐਕਵਾਇਰ ਕੀਤੀ ਜਗ੍ਹਾ ਦੇ ਪ੍ਰਸ਼ਾਸਨ ਵੱਲੋਂ ਕਮੇਟੀ ਨੂੰ ਚੈੱਕ ਨਾ ਦੇਣ 'ਤੇ ਪਿੰਡ ਵਾਸੀਆਂ 'ਚ ਭਾਰੀ ਰੋਹ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਜਗ੍ਹਾ 'ਤੇ ਲੋਕਾਂ ਨੇ ਰਾਸ਼ਟਰੀ ਮਾਰਗ ਦਾ ਚੱਲ ਰਿਹਾ ਕੰਮ ਰੋਕਿਆ ਹੋਇਆ ਹੈ। ਅੱਜ ਇਸ ਜਗ੍ਹਾ 'ਤੇ ਕੰਮ ਸ਼ੁਰੂ ਕਰਵਾਉਣ ਤੇ ਕਬਜ਼ਾ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀ ਜੇ. ਸੀ. ਬੀ. ਲੈ ਕੇ ਸਮੇਤ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਭੁਪਿੰਦਰ ਸਿੰਘ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਇੰਸਪੈਕਟਰ ਜਸਵੰਤ ਸਿੰਘ ਦੀ ਅਗਵਾਈ 'ਚ ਪਹੁੰਚੇ ਪਰ ਲੋਕਾਂ ਵੱਲੋਂ ਇਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ, ਜਿਸ ਕਾਰਨ ਦੋ ਦਿਨ ਲਈ ਇਸ ਕੰਮ ਨੂੰ ਅੱਗੇ ਪਾ ਦਿੱਤਾ ਗਿਆ।
ਇਸ ਮੌਕੇ ਜਗਸੀਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਸਧੂਰਾ ਸਿੰਘ ਆਦਿ ਨੇ ਕਿਹਾ ਕਿ ਸੜਕ ਨੂੰ ਫੋਰਲੇਨ ਕਰਨ ਦੌਰਾਨ ਪਿੰਡ ਦੇ ਧਾਰਮਕ ਅਸਥਾਨਾਂ ਤੋਂ ਇਲਾਵਾ ਧਰਮਸ਼ਾਲਾ ਅਤੇ ਦਰਜਨ ਦੇ ਕਰੀਬ ਪਰਿਵਾਰਾਂ ਦੀ ਜਗ੍ਹਾ, ਜੋ ਵਿਚ ਆਈ ਹੈ, ਇਨ੍ਹਾਂ ਦੇ ਮੁਆਵਜ਼ੇ ਦਾ ਚੈੱਕ ਦੇਣ ਤੋਂ ਵਿਭਾਗ ਵੱਲੋਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿੰਨੀ ਜਗ੍ਹਾ ਰੋਕੀ ਜਾ ਰਹੀ ਹੈ, ਉਸ ਪੂਰੀ ਜਗ੍ਹਾ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ।
ਇਸ ਮਾਮਲੇ ਨੂੰ ਹੱਲ ਕਰਨ ਲਈ ਐੱਸ. ਡੀ. ਐੱਮ. ਸਾਹਿਬ ਵੀ ਪਹੁੰਚੇ ਸਨ ਪਰ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ ਝਗੜੇ ਵਾਲੀ ਜਗ੍ਹਾ 'ਤੇ ਚੱਲ ਰਿਹਾ ਕੰਮ ਰੋਕ ਦਿੱਤਾ ਗਿਆ ਸੀ ਪਰ ਹੁਣ ਵਿਭਾਗ ਵੱਲੋਂ ਮੁਆਵਜ਼ਾ ਦੇਣ ਤੋਂ ਬਗੈਰ ਹੀ ਜਗ੍ਹਾ 'ਤੇ ਧੱਕੇ ਨਾਲ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।
ਕੀ ਕਹਿਣਾ ਹੈ ਡਿਊਟੀ ਮੈਜਿਸਟ੍ਰੇਟ ਦਾ
ਇਸ ਸਬੰਧੀ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਭੁਪਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀਆਂ ਨੂੰ ਸਮਝਾਇਆ ਗਿਆ ਹੈ ਕਿ ਜੋ ਜਗ੍ਹਾ ਦੇ ਮਾਲਕ ਹਨ, ਉਨ੍ਹਾਂ ਨੂੰ ਚੈੱਕ ਦੇ ਦਿੱਤੇ ਜਾਣਗੇ ਅਤੇ ਜੋ ਮਾਲਕ ਨਹੀਂ ਹਨ, ਉਨ੍ਹਾਂ ਨੂੰ ਉਹ ਚੈੱਕ ਨਹੀਂ ਦੇ ਸਕਦੇ ਪਰ ਫਿਰ ਵੀ ਮਸਲੇ ਦੇ ਹੱਲ ਲਈ ਜੱਦੀ-ਪੁਸ਼ਤੀ ਮਾਲਕਾਂ ਲਈ ਪੰਚਾਇਤ ਨੂੰ ਮਤਾ ਪਵਾਉਣ ਲਈ ਕਿਹਾ ਗਿਆ ਹੈ।
