ਸਖਤੀ ਨਾ ਹੋਣ ਕਾਰਨ ਜੇਲ ’ਚ ਚੱਲਦੀ ਹੈ ਕੈਦੀਆਂ ਦੀ ਮਰਜ਼ੀ, ਬਾਹਰ ਦੀ ਸੁਰੱਖਿਆ ਵੀ ਰੱਬ ਭਰੋਸੇ
Monday, Jul 30, 2018 - 12:48 AM (IST)
ਫਿਰੋਜ਼ਪੁਰ, (ਮਲਹੋਤਰਾ, ਜੈਨ)– ਅੰਗਰੇਜ਼ਾਂ ਦੇ ਜ਼ਮਾਨੇ ’ਚ ਕਰੀਬ 185 ਸਾਲ ਪਹਿਲਾਂ ਬਣੀ ਕੇਂਦਰੀ ਜੇਲ ਫਿਰੋਜ਼ਪੁਰ ਇਨ੍ਹੀਂ ਦਿਨੀਂ ਜਿਥੇ ਅੰਦਰ ਕੈਦੀਆਂ, ਹਵਾਲਾਤੀਆਂ ਤੇ ਗੂੰਡਾ ਛਾਪ ਤੱਤਾਂ ਦੇ ਬਣੇ ਗਰੁੱਪਾਂ ਕਾਰਨ ਚਰਚਾ ਵਿਚ ਹੈ, ਉਥੇ ਜੇਲ ਦੀ ਬਾਹਰੀ ਸੁਰੱਖਿਆ ਵੀ ਕੁਝ ਜ਼ਿਆਦਾ ਚੰਗੀ ਨਹੀਂ ਹੈ ਕਿਉਂਕਿ ਜੇਲ ਦੇ ਫਰੰਟ ਹਿੱਸੇ ਨੂੰ ਛੱਡ ਕੇ ਬਾਕੀ ਤਿੰਨਾਂ ਪਾਸਿਆਂ ਤੋਂ ਜਿਥੇ ਖੁੱਲ੍ਹਾ ਮੈਦਾਨ ਤੇ ਉਜਾਡ਼ ਪਈ ਹੈ, ਉਥੇ ਜੇਲ ਦੇ ਕੁਝ ਹਿੱਸਿਆਂ ਵਾਲੇ ਪਾਸੇ ਜੇਲ ਦੀ ਕੰਧ ਤੋਂ ਉੱਚੀਆਂ ਇਮਾਰਤਾਂ ਬਣ ਚੁੱਕੀਆਂ ਹਨ। ਆਏ ਦਿਨ ਜੇਲ ’ਚ ਨਸ਼ਾ, ਮੋਬਾਇਲ ਤੇ ਹੋਰ ਇਤਰਾਜ਼ ਯੋਗ ਸਾਮਾਨ ਮਿਲਣਾ ਆਮ ਗੱਲ ਹੋ ਗਈ ਹੈ, ਜਿਸ ਕਾਰਨ ਜੇਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਜਿਥੇ ਪ੍ਰਸ਼ਨ ਚਿੰਨ੍ਹ ਲੱਗੇ ਹਨ, ਉਥੇ ਸਰਕਾਰ ਚਾਹੁੰਦੇ ਹੋਏ ਵੀ ਕੁਝ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੀ ਕਿਉਂਕਿ ਪਿਛਲੇ 10 ਸਾਲ ਅਕਾਲੀ-ਭਾਜਪਾ ਗਠਬੰਧਨ ਦੌਰਾਨ ਅਨੇਕਾਂ ਵਾਰ ਜੇਲ ’ਚ ਜੈਮਰ ਲਾਉਣ ਦੀ ਗੱਲ ਹੋਈ ਪਰ ਅੱਜ ਤੱਕ ਉਹ ਪੁਗਾਈ ਨਹੀਂ ਜਾ ਸਕੀ। ਇੰਨਾ ਹੀ ਨਹੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ ਸੁਰੱਖਿਆ ਦੇ ਪੱਖੋਂ ਸ਼ਹਿਰ ਤੋਂ ਬਾਹਰ ਬਣਾਉਣ ਦੀ ਗੱਲ ਅਨੇਕਾਂ ਵਾਰ ਚੱਲੀ ਪਰ ਮਾਮਲਾ ਜਿਵੇਂ ਦਾ ਤਿਵੇਂ ਹੀ ਪਿਆ ਹੈ।
®ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਜੇਲ ’ਚ ਬੰਦ ਦਬੰਗ ਕਿਸਮ ਦੇ ਲੋਕ ਜਿਥੇ ਐਸ਼ੋ-ਅਾਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾਂਦਾ ਹੈ, ਉਥੇ ਛੋਟੇ-ਮੋਟੇ ਜੁਰਮਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ, ਜਿਨ੍ਹਾਂ ਕੋਲ ਨਾ ਤਾਂ ਕੋਈ ਅਪ੍ਰੋਚ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦੀ ਪੈਸੇ ਦੇਣ ਦੀ ਹੈਸੀਅਤ ਹੁੰਦੀ ਹੈ, ਉਨ੍ਹਾਂ ’ਤੇ ਤਸ਼ੱਦਦ ਹੋਣ ਦੀਆਂ ਸ਼ਿਕਾਇਤਾਂ ਜਦ ਵੀ ਕੋਈ ਜੱਜ ਜਾਂ ਜ਼ਿਲੇ ਦਾ ਕੋਈ ਵੱਡਾ ਅਧਿਕਾਰੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ।
ਤਿੰਨਾਂ ਪਾਸਿਓਂ ਕੋਈ ਨਿਗਰਾਨੀ ਨਹੀਂ
®ਸਿਰਫ ਮੇਨ ਗੇਟ ਵੱਲੋਂ ਹੀ ਜੇਲ ’ਚ ਟਾਈਟ ਸੁਰੱਖਿਆ ਦੇ ਪ੍ਰਬੰਧ ਹਨ। ਇਸ ਪਾਸੇ ਨੂੰ ਛੱਡ ਕੇ ਬਾਕੀ ਤਿੰਨਾਂ ਪਾਸਿਓਂ ਜੇਲ ਦੀਆਂ ਕੰਧਾਂ ਦੇ ਆਲੇ-ਦੁਆਲੇ ਆਬਾਦੀ ਹੋ ਗਈ ਹੈ ਪਰ ਕਿਤੇ ਵੀ ਪੁਲਸ ਜਾਂ ਜੇਲ ਪ੍ਰਸ਼ਾਸਨ ਦੀ ਕੋਈ ਨਾਕੇਬੰਦੀ ਨਹੀਂ ਹੈ, ਜਿਸ ਕਾਰਨ ਕੋਈ ਵੀ ਅਸਮਾਜਿਕ ਤੱਤ ਜਦ ਚਾਹੇ ਜੇਲ ਦੀਆਂ ਕੰਧਾਂ ਦੇ ਉਪਰੋਂ ਕੋਈ ਵੀ ਇਤਰਾਜ਼ਯੋਗ ਸਾਮਾਨ ਅੰਦਰ ਸੁੱਟ ਦਿੰਦਾ ਹੈ। ਜੇਲ ’ਚ ਕਈ ਕੈਦੀਆਂ ਤੇ ਹਵਾਲਾਤੀਆਂ ਕੋਲ ਮੋਬਾਇਲ ਹੋਣ ਕਾਰਨ ਇਸ ਦੀ ਮਦਦ ਨਾਲ ਉਹ ਜੇਲ ਦੀ ਕੰਧ ਤੋਂ ਅਨੇਕਾਂ ਨਸ਼ੇ ਵਾਲੀਆਂ ਵਸਤੂਆਂ ਵਿਚਾਲੇ ਸੁੱਟਾ ਲੈਂਦੇ ਹਨ। ਕਈ ਵਾਰ ਪਤਾ ਲੱਗਣ ’ਤੇ ਕਈ ਲੋਕ ਜੇਲ ਗਾਰਡ ਨੇ ਫਡ਼ੇ ਵੀ ਹਨ।
ਇਕ ਸਾਲ ’ਚ ਫਡ਼ੇ 100 ਮੋਬਾਇਲ, ਕੀ ਬਣਿਆ ਕੁਝ ਪਤਾ ਨਹੀਂ
®ਪਿਛਲੇ ਇਕ ਸਾਲ ਦੌਰਾਨ ਜੇਲ ’ਚ ਹਵਾਲਾਤੀਆਂ ਤੇ ਕੈਦੀਆਂ ਤੋਂ 100 ਤੋਂ ਜ਼ਿਆਦਾ ਮੋਬਾਇਲ ਫਡ਼ੇ ਜਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਹ ਪੂਰੀ ਖੇਡ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ। ਜ਼ਿੰਮੇਵਾਰੀ ਤੋਂ ਪੱਲਾ ਝਾਡ਼ਨ ਲਈ ਜੇਲ ਅਧਿਕਾਰੀ ਥਾਣਾ ਸਿਟੀ ਪੁਲਸ ਕੋਲ ਸ਼ਿਕਾਇਤ ਭੇਜ ਕੇ, ਪਰਚਾ ਦਰਜ ਕਰਵਾ ਕੇ ਤੇ ਫਡ਼ਿਆ ਗਿਆ ਸਾਮਾਨ ਜ਼ਬਤ ਕਰਵਾ ਦਿੰਦੇ ਹਨ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਉਂਦਾ। ਅੱਜ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਜੇਲ ’ਚ ਬੰਦੀਆਂ ਤੱਕ ਮੋਬਾਇਲ ਆਖਿਰ ਕਿਸ ਰਾਹੀਂ ਪੁੱਜਦੇ ਹਨ ਤੇ ਉਨ੍ਹਾਂ ’ਤੇ ਕੀ ਕਾਰਵਾਈ ਕੀਤੀ ਜਾਂਦੀ ਹੈ, ਇਸ ਬਾਰੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ।
ਨਹੀਂ ਹੋ ਸਕੀ ਜੇਲ ਦੀ ਰੀ-ਲੋਕੇਸ਼ਨ
®ਸ਼ਹਿਰ ਦੇ ਵਿਚਾਲੇ ਜੇਲ ਹੋਣ ’ਤੇ ਜੇਲ ਦੇ ਆਸ-ਪਾਸ ਰਿਹਾਇਸ਼ੀ ਇਲਾਕਾ ਬਣ ਜਾਣ ਤੇ ਇਮਾਰਤਾਂ ਦੀ ਉਚਾਈ ਜੇਲ ਦੀਆਂ ਕੰਧਾਂ ਤੋਂ ਉਚੀ ਹੋਣ ਕਾਰਨ ਅੰਗਰੇਜ਼ਾਂ ਦੇ ਜ਼ਮਾਨੇ ਦੀ ਇਸ ਜੇਲ ਨੂੰ ਹੁਣ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ। ਅਕਸਰ ਹੀ ਬਾਹਰੋਂ ਨਸ਼ੇ ਵਾਲੇ ਪਦਾਰਥ, ਮੋਬਾਇਲ ਤੇ ਹੋਰ ਇਤਰਾਜ਼ਯੋਗ ਸਾਮਾਨ ਅੰਦਰ ਸੁੱਟੇ ਜਾਣ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਜੇਲ ’ਚ ਇਨ੍ਹੀਂ ਦਿਨੀਂ ਜਿਥੇ ਸਮਰੱਥਾ ਤੋਂ ਜ਼ਿਆਦਾ ਕੈਦੀ ਤੇ ਹਵਾਲਾਤੀ ਮੌਜੂਦ ਹਨ, ਉਥੇ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਜੇਲ ਨੂੰ ਸ਼ਹਿਰ ’ ਚੋਂ ਬਾਹਰ ਸ਼ਿਫਟ ਕਰਨ ਦੀ ਯੋਜਨਾ ’ਤੇ ਵੀ ਕੰਮ ਨਹੀਂ ਹੋਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2014 ’ਚ ਜੇਲ ਨੂੰ ਸ਼ਿਫਟ ਕਰਨ ਤੇ 150 ਕਰੋਡ਼ ਰੁਪਏ ਦੀ ਲਾਗਤ ਨਾਲ ਨਵੀਂ ਜੇਲ ਬਣਾਉਣ ਲਈ ਐਲਾਨ ਕੀਤਾ ਸੀ। ਸਾਲ 2008 ’ਚ ਜੇਲ ਵਿਭਾਗ ਵੱਲੋਂ ਵੀ ਫਾਜ਼ਿਲਕਾ ਰੋਡ ’ਤੇ ਪਿੰਡ ਖਾਈ ਫੇਮੇਕੀ ਕੋਲ 44 ਕਿੱਲੇ ਜ਼ਮੀਨ ’ਤੇ ਜੇਲ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਸ਼ਹਿਰ ’ਚੋਂ ਜੇਲ ਬਾਹਰ ਸ਼ਿਫਟ ਕਰਨ ਦੀਆਂ ਸਾਰੀਆਂ ਯੋਜਨਾਵਾਂ ਠੰਡੇ ਬਸਤੇ ’ਚ ਹੀ ਪੈ ਗਈਆਂ।
ਦਬੰਗ ਬੰਦੀਆਂ ’ਚ ਝਗਡ਼ੇ ਹੋਣਾ ਆਮ ਗੱਲ
®ਸਕਿਓਰਿਟੀ ਹੋਣ ਦੇ ਬਾਵਜੂਦ ਜੇਲ ’ਚ ਬੰਦ ਦਬੰਗਾਂ ਵਿਚਾਲੇ ਆਪਸੀ ਲਡ਼ਾਈ-ਝਗਡ਼ੇ ਹੋਣਾ ਆਮ ਗੱਲ ਰਹੀ ਹੈ। ਕਈ ਵਾਰ ਝਗਡ਼ਾ ਇੰਨਾ ਵਧ ਜਾਂਦਾ ਹੈ ਕਿ ਉਕਤ ਕਿਸਮ ਦੇ ਲੋਕ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨਾਲ ਹੱਥੋਪਾਈ ਕਰਨ ਤੋਂ ਗੁਰੇਜ਼ ਨਹੀਂ ਕਰਦੇ।
