ਨਿਕਾਸੀ ਨਾਲਾ ਨਾ ਹੋਣ ਕਾਰਨ ਸੜਕ ਦੀ ਹਾਲਤ ਖਸਤਾ
Thursday, Feb 15, 2018 - 01:48 AM (IST)
ਕਾਠਗੜ੍ਹ,(ਰਾਜੇਸ਼)- ਪਿੰਡ ਪਨਿਆਲੀ ਕਲਾਂ ਦੇ ਸਰਕਾਰੀ ਸਕੂਲ ਕੋਲੋਂ ਜੋ ਲਿੰਕ ਸੜਕ ਮਾਜਰਾ ਜੱਟਾਂ ਨੂੰ ਜਾਂਦੀ ਹੈ, ਉਸ ਦੇ ਨਜ਼ਦੀਕ ਜੋ ਘਰ ਹਨ, ਉਨ੍ਹਾਂ ਦੇ ਗੰਦੇ ਪਾਣੀ ਲਈ ਨਿਕਾਸੀ ਨਾਲਾ ਨਾ ਹੋਣ ਕਾਰਨ ਲਿੰਕ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਜਿਥੋਂ ਲੰਘਣਾ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ।
ਸੜਕ ਦੀ ਮਾੜੀ ਹਾਲਤ ਨੂੰ ਦਿਖਾਉਂਦੇ ਹੋਏ ਪਿੰਡ ਵਾਸੀ ਤੇ ਰਾਹਗੀਰਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸੜਕ ਦੇ ਨਜ਼ਦੀਕੀ ਘਰਾਂ ਦੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਨਾ ਹੋਣ ਕਾਰਨ ਪਾਣੀ ਲਿੰਕ ਸੜਕ 'ਤੇ ਆਉਂਦਾ ਰਹਿੰਦਾ ਹੈ, ਜਿਸ ਕਾਰਨ ਸੜਕ 'ਚ ਟੋਏ ਪੈ ਗਏ ਹਨ ਤੇ ਇਨ੍ਹਾਂ ਟੋਇਆਂ 'ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਹਰ ਰਾਹਗੀਰ ਤੇ ਵਾਹਨ ਚਾਲਕ ਨੂੰ ਉਕਤ ਜਗ੍ਹਾ ਤੋਂ ਲੰਘਣ ਸਮੇਂ ਬਹੁਤ ਮੁਸ਼ਕਿਲ ਹੁੰਦੀ ਹੈ, ਜਦਕਿ ਸਕੂਲੀ ਬੱਚੇ ਤਾਂ ਸਕੂਲ ਨੂੰ ਆਉਣ/ਜਾਣ ਸਮੇਂ ਆਪਣੇ ਕੱਪੜੇ ਵੀ ਖਰਾਬ ਕਰ ਲੈਂਦੇ ਹਨ। ਕੁਝ ਕੁ ਦਿਨ ਪਹਿਲਾਂ ਸੜਕ 'ਚ ਪਏ ਟੋਇਆਂ ਨੂੰ ਭਰਨ ਲਈ ਕਿਸੇ ਨੇ ਮਿੱਟੀ ਪਾਈ ਸੀ ਪਰ ਬੀਤੇ ਦਿਨ ਮੀਂਹ ਦੇ ਪਾਣੀ ਨਾਲ ਸੜਕ 'ਚ ਚਿੱਕੜ ਹੋਣ ਨਾਲ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਲੋਕਾਂ ਨੇ ਦੱਸਿਆ ਕਿ ਪਿਛਲੀ ਅਤੇ ਮੌਜੂਦਾ ਪੰਚਾਇਤ ਨੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਪੰਚਾਇਤ ਤੇ ਜ਼ਿਲਾ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਕਿ ਗੰਦੇ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਥੇ ਸੜਕ ਟੁੱਟਣ ਤੋਂ ਬਚ ਸਕੇ ਉਥੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ।
