ਦੁਬਈ ਗਈ ਜਲੰਧਰ ਦੀ ਮੀਨੂੰ ਦੀ ਇਕ ਮਹੀਨੇ ਬਾਅਦ ਹੀ ਮੌਤ, ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
Tuesday, Jan 05, 2021 - 09:47 PM (IST)
ਅੰਮਿ੍ਰਤਸਰ : ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਜਲੰਧਰ ਸ਼ਹਿਰ ਨਾਲ ਸਬੰਧਤ 22 ਸਾਲਾ ਮੀਨੂੰ ਪੁੱਤਰੀ ਮੰਗੇਸ਼ ਕੁਮਾਰ ਦਾ ਮਿ੍ਰਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਵਿਖੇ ਪੁੱਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਮੀਨੂੰ ਇਕ ਮਹੀਨਾ ਪਹਿਲਾਂ ਹੀ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ’ਚ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਪਹੁੰਸੀ ਸੀ ਕਿ ਕੁਝ ਦਿਨ ਬਾਅਦ ਹੀ ਉਸ ਦੀ ਬਿਮਾਰ ਹੋਣ ਉਪਰੰਤ ਮੌਤ ਹੋ ਗਈ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਊ ਘਟਨਾ, ਵਿਆਹ ਤੋਂ ਪੰਜ ਦਿਨ ਪਹਿਲਾਂ ਲਾੜੀ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਪੰਜਾਬ ਨਾਲ ਸਬੰਧਤ ਇਕ ਕੁੜੀ ਦੀ ਦੁਬਈ ਅੰਦਰ ਮੌਤ ਹੋ ਗਈ ਹੈ ਪਰ ਉਸ ਦੇ ਵਾਰਸਾਂ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦੱਸਿਆ ਕਿ ਇਸ ਕੁੜੀ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਉਨ੍ਹਾਂ ਨੇ ਟਰੱਸਟ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਰਾਹੀਂ ਪੁਲਸ ਦੀ ਮਦਦ ਨਾਲ ਜਲੰਧਰ ਰਹਿੰਦੀ ਉਸਦੀ ਇਕੱਲੀ ਵਿਧਵਾ ਮਾਂ ਨਾਲ ਸੰਪਰਕ ਕਰਕੇ ਉਸ ਨੂੰ ਮੀਨੂੰ ਦੀ ਮੌਤ ਤੋਂ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਮੀਨੂੰ ਇਕ ਮਹੀਨਾ ਪਹਿਲਾਂ ਹੀ ਦੁਬਈ ਪਹੁੰਚੀ ਸੀ ਅਤੇ ਇੱਥੇ ਪਹੁੰਚਣ ਦੇ ਕੁਝ ਦਿਨ ਬਾਅਦ ਹੀ ਉਹ ਬਿਮਾਰ ਹੋ ਗਈ ਪਰ ਉਸ ਨੂੰ ਇੱਥੇ ਲਿਆਉਣ ਵਾਲੇ ਲੋਕਾਂ ਵੱਲੋਂ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਉੱਪਰ ਰਹਿੰਦੀ ਬਕਾਇਆ ਰਾਸ਼ੀ ਦੇਣ ਦਾ ਹੀ ਦਬਾਅ ਬਣਾਇਆ ਜਾਂਦਾ ਰਿਹਾ।
ਇਹ ਵੀ ਪੜ੍ਹੋ : ਪਟਿਆਲਾ ’ਚ ਬੱਸ ਸਟੈਂਡ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਉਨ੍ਹਾਂ ਦੱਸਿਆ ਕਿ ਜਦ ਉਸ ਨੂੰ ਅਖ਼ੀਰ ਅਤਿ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਉਥੇ ਮੌਤ ਹੋ ਗਈ। ਜਿਸ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਦੀ ਬਦੌਲਤ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮੀਨੂੰ ਦਾ ਮਿ੍ਰਤਕ ਸਰੀਰ ਲਿਆ ਕੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਅਤੇ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਦੀ ਮੌਜੂਦਗੀ ’ਚ ਹਵਾਈ ਅੱਡੇ ਤੋਂ ਪ੍ਰਾਪਤ ਕਰ ਕੇ ਟਰੱਸਟ ਦੀ ਹੀ ਐਂਬੂਲੈਂਸ ਰਾਹੀਂ ਜਲੰਧਰ ਨੂੰ ਰਵਾਨਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੁੜੀ ਦੀ ਮਿ੍ਰਤਕ ਦੇਹ ਘਰ ਤੱਕ ਪਹੁੰਚਾਉਣ, ਸਸਕਾਰ ਆਦਿ ਰਸਮਾਂ ਕਰਨ ਦਾ ਖ਼ਰਚਾ ਵੀ ਟਰੱਸਟ ਚੁੱਕੇਗਾ ਅਤੇ ਇਸ ਪਰਿਵਾਰ ਦੀ ਅਤਿ ਮਾੜੀ ਆਰਥਿਕ ਹਾਲਤ ਹੋਣ ਕਾਰਨ ਇਸ ਦੀ ਵਿਧਵਾ ਮਾਂ ਨੂੰ ਟਰੱਸਟ ਵੱਲੋਂ ਘਰ ਦੇ ਗੁਜ਼ਾਰੇ ਲਈ 2 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ। ਡਾ.ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 216 ਬਦਨਸੀਬ ਲੋਕਾਂ ਦੇ ਮਿ੍ਰਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਅੰਦਰ ਭੇਜਣ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ’ਤੇ ਭਖਿਆ ਵਿਵਾਦ, ਮੰਤਰੀ ਸੁੱਖੀ ਰੰਧਾਵਾ ਨੇ ਕਬੂਲੀ ਹਰਸਿਮਰਤ ਬਾਦਲ ਦੀ ਚੁਣੌਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ ਆਪਣੀ ਰਾਏ?