ਦੁਬਈ ਤੋਂ ਪਰਤੇ ਨੌਜਵਾਨ ਦੀ ਹਾਦਸੇ ’ਚ ਮੌਤ, ਸੜਕ ’ਤੇ ਖੜ੍ਹੀ ਕਾਰ ਬਣੀ ਕਾਲ
Friday, Jun 04, 2021 - 06:11 PM (IST)

ਬਟਾਲਾ (ਸਾਹਿਲ, ਯੋਗੀ) : ਬੀਤੀ ਦੇਰ ਰਾਤ ਖੜ੍ਹੀ ਕਾਰ ਵਿਚ ਮੋਟਰਸਾਈਕਲ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਏ.ਐੱਸ.ਆਈ ਬਚਿੱਤਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਹਸਨਪੁਰਾ, ਡੇਰਾ ਰੋਡ ਬਟਾਲਾ ਜੋ ਕਿ ਦੁਬਈ ਵਿਚ ਰਹਿੰਦਾ ਹੈ ਅਤੇ ਘਰ ਛੁੱਟੀ ਆਇਆ ਹੋਇਆ ਸੀ, ਬੀਤੇ ਦਿਨੀਂ ਆਪਣੀ ਭੈਣ ਦੇ ਘਰ ਉਸ ਨੂੰ ਮਿਲਣ ਲਈ ਪਿੰਡ ਦਰਗਾਬਾਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿਆ ਸੀ ਅਤੇ ਜਦੋਂ ਭਗਵੰਤ ਸਿੰਘ ਮਿਲਣ ਉਪਰੰਤ ਦੇਰ ਰਾਤ ਵਾਪਸ ਆ ਰਿਹਾ ਸੀ ਤਾਂ ਪਿੰਡ ਸਰਵਾਲੀ ਦੇ ਮੋੜ ’ਤੇ ਬਿਨਾਂ ਲਾਈਟਾਂ ਦੇ ਖੜ੍ਹੀ ਸਵਿਫਟ ਕਾਰ ਨੰ. ਐੱਚ.ਆਰ.01ਏ.ਜੀ. 0180 ਨਾਲ ਮੋਟਰਸਾਈਕਲ ਜਾ ਟਕਰਾਇਆ ਜਿਸ ਦੇ ਸਿੱਟੇ ਵਜੋਂ ਭਗਵੰਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਏ.ਐੱਸ.ਆਈ ਬਚਿੱਤਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਨੌਜਵਾਨ ਨੂੰ ਤੁਰੰਤ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਭਗਵੰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਕਤ ਥਾਣੇਦਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਕਿਲਾ ਲਾਲ ਸਿੰਘ ਵਿਖੇ ਮ੍ਰਿਤਕ ਦੇ ਜੀਜਾ ਮਨਜੀਤ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।