ਸਕ੍ਰੈਪ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੋਕਾਂ ਦੇ ਘਰਾਂ ਦੀਆਂ ਕੰਧਾਂ ਵਿਚ ਆਈਆਂ ਤਰੇੜਾਂ

Sunday, Feb 08, 2026 - 01:22 PM (IST)

ਸਕ੍ਰੈਪ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੋਕਾਂ ਦੇ ਘਰਾਂ ਦੀਆਂ ਕੰਧਾਂ ਵਿਚ ਆਈਆਂ ਤਰੇੜਾਂ

ਲਾਂਬੜਾ (ਵਰਿੰਦਰ, ਸੋਨੂੰ, ਕੁੰਦਨ, ਪੰਕਜ)-ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਨਾਹਲਾਂ ਵਿਚ ਰਿਹਾਇਸ਼ੀ ਇਲਾਕੇ ਵਿਚ ਬਣੇ ਸਕ੍ਰੈਪ (ਕਬਾੜ) ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ ਅਤੇ ਦੇਰ ਰਾਤ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿਚ ਜੁਟੇ ਰਹੇ।

ਜਾਣਕਾਰੀ ਅਨੁਸਾਰ ਗੋਦਾਮ ਵਿਚ ਲੋਹੇ ਦੇ ਸਕ੍ਰੈਪ ਦੀ ਕਟਿੰਗ ਚੱਲ ਰਹੀ ਸੀ, ਇਸੇ ਦੌਰਾਨ ਕਟਰ ਵਿਚੋਂ ਨਿਕਲੀਆਂ ਚੰਗਿਆੜੀਆਂ ਉੱਥੇ ਨੇੜੇ ਪਏ ਗੱਤੇ, ਕਾਗਜ਼ ਅਤੇ ਚਮੜੇ ਦੇ ਉੱਪਰ ਜਾ ਡਿੱਗੀਆਂ। ਇਸ ਦੇ ਨਤੀਜੇ ਵਜੋਂ ਅੱਗ ਨੇ ਹੌਲੀ-ਹੌਲੀ ਭਿਆਨਕ ਰੂਪ ਧਾਰਨ ਕਰ ਲਿਆ। ਹਵਾ ਚੱਲਣ ਕਾਰਨ ਅੱਗ ਤੇਜ਼ੀ ਨਾਲ ਵਧਦੀ ਗਈ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿਚ ਰਬੜ ਦੀ ਵੇਸਟੇਜ ਵੀ ਰੱਖੀ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ ਐਲਾਨ! ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

PunjabKesari

ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 10 ਤੋਂ 12 ਗੱਡੀਆਂ ਸਮੇਤ ਕਰਮਚਾਰੀ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਬੁਝਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਇਸ ਘਟਨਾ ਕਾਰਨ ਨੇੜਲੇ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ। ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਗੋਦਾਮ ਰਿਹਾਇਸ਼ੀ ਇਲਾਕੇ ਵਿਚ ਸਥਿਤ ਹੈ ਅਤੇ ਇਸ ਨੂੰ ਇਥੋਂ ਹਟਾਉਣ ਦੀ ਮੰਗ ਉਹ ਕਈ ਵਾਰ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਮੰਗ ਵੱਲ ਕਦੇ ਧਿਆਨ ਨਹੀਂ ਦਿੱਤਾ।

ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਡੇਅਰੀ ਮਾਲਕ ਨੇ ਆਪਣਾ ਚਾਰਦੀਵਾਰੀ ਵਾਲਾ ਪਲਾਟ ਕਿਸੇ ਵਪਾਰੀ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ ਅਤੇ ਉਸ ਨੇ ਇਸ ਪਲਾਟ ਵਿਚ ਸਕ੍ਰੈਪ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸੰਜੀਵ ਨਾਂ ਦੇ ਨਿਵਾਸੀ ਨੇ ਦੱਸਿਆ ਕਿ ਭਿਆਨਕ ਅੱਗ ਕਾਰਨ ਉਨ੍ਹਾਂ ਦੇ ਘਰ ਦੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ ਹਨ। ਐੱਸ. ਐੱਚ. ਓ. ਲਾਂਬੜਾ ਗੁਰਮੀਤ ਰਾਮ ਨੇ ਦੱਸਿਆ ਕਿ ਲੱਗੀ ਅੱਗ ਜ਼ਰੂਰ ਭਿਆਨਕ ਹੋ ਗਈ ਸੀ ਪਰ ਹੁਣ ਉਸ ’ਤੇ ਕਾਬੂ ਪਾਇਆ ਜਾ ਚੁੱਕਾ ਹੈ। ਮੁੱਢਲੀ ਜਾਂਚ ਵਿਚ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਦਾਮ ਕਿਸ ਨੇ ਕਿਰਾਏ ’ਤੇ ਲਿਆ ਹੋਇਆ ਹੈ ਅਤੇ ਕਿਸ ਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਟੂਰਿਸਟ ਬੱਸ ਤੇ ਟਰੱਕ ਦੀ ਭਿਆਨਕ ਟੱਕਰ! ਬੱਸ ਦੇ ਉੱਡੇ ਪਰਖੱਚੇ, ਪਿਆ ਚੀਕ-ਚਿਹਾੜਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News