ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ’ਚ ਕੁੱਲ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ : ਪੀ ਏ ਯੂ

Monday, May 04, 2020 - 09:25 AM (IST)

ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ’ਚ ਕੁੱਲ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ : ਪੀ ਏ ਯੂ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿਚ ਝੋਨੇ ਹੇਠ ਰਕਬਾ ਲੱਗਭੱਗ 67.5 ਲੱਖ ਏਕੜ ਹੈ। ਜ਼ਿਆਦਾਤਰ ਝੋਨੇ ਦੀ ਪਨੀਰੀ ਦੀ ਲੁਆਈ ਮਜ਼ਦੂਰਾਂ ਦੁਆਰਾ ਹੱਥੀਂ ਕੀਤੀ ਜਾਂਦੀ ਹੈ। ਇਸ ਨਾਲ ਸੂਬੇ ਦੇ ਸਾਰੇ ਰਕਬੇ ਵਿੱਚ ਝੋਨੇ ਦੀ ਸਮੇਂ ਸਿਰ ਲਵਾਈ ਵਿਚ ਔਕੜ ਆ ਸਕਦੀ ਹੈ। ਪੰਜਾਬ ਵਿਚ ਕੁਝ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਵੀ ਪ੍ਰਚੱਲਤ ਹੈ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਕੀਤੀ ਜਾ ਸਕਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਬੀਜ ਪਾਉਣ ਲਈ ਟੇਢੀਆਂ ਪਲੇਟਾਂ ਵਾਲੀ ਮਸ਼ੀਨ, ਜਿਨ੍ਹਾਂ ਵਿਚੋਂ ਇਕ ਲੱਕੀ ਸੀਡ ਡਰਿੱਲ, ਪ੍ਰਚੱਲਤ ਹਨ ਪਰ ਇਨ੍ਹਾਂ ਮਸ਼ੀਨਾਂ ਦੀ ਗਿਣਤੀ ਬਹੁਤ ਘੱਟ ਹੈ । ਜੇਕਰ ਕਿਸਾਨ ਕੋਲ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਨਹੀਂ ਹੈ ਤਾਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ਵਿਚ ਥੋੜ੍ਹੀ ਤਬਦੀਲੀ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ । 

1. ਡਰਿੱਲ/ਸੀਡਰ ਨੂੰ ਸਮਤਲ ਜਗ੍ਹਾ ਉੱਤੇ ਖੜ੍ਹੀ ਕਰੋ ਅਤੇ ਮਸ਼ੀਨ ਦੇ ਗਰਾਉਂਡ ਵੀਲ੍ਹ ਨੂੰ ਗੁੱਟਕੇ ਦੀ ਮੱਦਦ ਨਾਲ ਧਰਤੀ ਤੋਂ ਉਪਰ ਚੁੱਕੋ।
2. ਖਾਦ ਵਾਲੇ ਬਕਸੇ ਦੇ ਲੀਵਰ ਨੂੰ ਇਸ ਤਰ੍ਹਾਂ ਅਡਜਸਟ ਕਰੋ ਕਿ ਪਸਤੌਲ ਦੇ ਅੰਦਰ ਬੀਜ ਚੁੱਕਣ ਵਾਲੇ ਰੋਲਰ ਦੀ ਲੰਬਾਈ ਅੱਧਾ ਇੰਚ ਰਹਿ ਜਾਵੇ। ਇਸ ਤੋਂ ਘੱਟ ਲੰਬਾਈ ਰੱਖਣ ਨਾਲ ਬੀਜ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ ।
3. ਆਮ ਤੌਰ ’ਤੇ ਖਾਦ ਵਾਲੇ ਬਕਸੇ ਦੇ ਰੋਲਰ ਵਿੱਚ 810 ਝਿਰੀਆਂ ਹੁੰਦੀਆਂ ਹਨ। ਕਿਸੇ ਇਕ ਰੋਲਰ ਦੀਆਂ ਝਿਰੀਆਂ ਨੂੰ ਇਕ-ਇਕ ਛੱਡ ਕੇ ਮੋਮ ਨਾਲ ਅਸਥਾਈ ਤੌਰ ’ਤੇ ਬੰਦ ਕਰੋ। ਇਸ ਤਰ੍ਹਾਂ 4 ਜਾਂ 5 ਝਿਰੀਆਂ ਬੰਦ ਹੋ ਜਾਣਗੀਆਂ।
4. ਡਰਿੱਲ/ ਸੀਡਰ ਦੇ ਖਾਦ ਵਾਲੇ ਬਕਸੇ ਦੇ ਇਸ ਤਬਦੀਲ ਕੀਤੇ ਪਸਤੌਲ ਉਪਰ ਬੀਜ ਪਾਉ। ਇਹ ਬੀਜ ਆਮ ਬਿਜਾਈ ਦੀ ਵਿਧੀ ਅਨੁਸਾਰ 8-10 ਘੰਟੇ ਭਿੱਜਿਆ ਹੋਇਆ ਅਤੇ ਛਾਂ ਵਿਚ ਸੁੱਕਿਆ ਹੋਇਆ ਹੋਵੇ।

PunjabKesari

5. ਗਰਾਉਂਡ ਵੀਲ੍ਹ ਨੂੰ ਲਗਾਤਾਰ ਕੁਝ ਚੱਕਰਾਂ ਲਈ ਘੁਮਾਓ ਤਾਂ ਕਿ ਟਿਊਬ ਵਿਚੋਂ ਸੀਡ ਇੱਕਸਾਰ ਗਿਰਨਾ ਸ਼ੁਰੂ ਹੋ ਜਾਵੇ।
6. ਡਰਿੱਲ/ਸੀਡਰ ਦੀ ਖਾਦ ਵਾਲੀ ਪਾਈਪ ਹੇਠਾਂ ਇਕ ਲਿਫਾਫਾ ਲਗਾਉ ਅਤੇ ਗਰਾਉਂਡ ਵੀਲ਼ ਦਾ ਇਕ ਚੱਕਰ ਘੁਮਾ ਕੇ ਦਾਣਿਆਂ ਨੂੰ ਇਕੱਠਾ ਕਰੋ।
7. ਇਕ ਰੱਸੀ ਲਵੋ ਅਤੇ ਉਸ ਨੂੰ ਗਰਾਉਂਡ ਵੀ ਦੇ ਘੇਰੇ (ਉਪਰ ਲੱਗੀਆਂ ਪੱਤੀਆਂ ਨੂੰ ਛੱਡ ਕੇ) ਘੁਮਾ ਕੇ ਕੱਟ ਲਵੋ।
8.ਰੱਸੀ ਨੂੰ ਜ਼ਮੀਨ ਉਪਰ ਸਿੱਧਾ ਵਿਛਾਓ ਅਤੇ ਇਕੱਠੇ ਕੀਤੇ ਦਾਣਿਆਂ ਨੂੰ ਰੱਸੀ ਦੀ ਲੰਬਾਈ ਵਿਚ ਇੱਕਸਾਰਤਾ ਨਾਲ ਇਕ ਲਾਈਨ ਵਿੱਚ ਖਿਲਾਰੋ।
9.ਇਕ ਮੀਟਰ ਦਾ ਪੈਮਾਨਾ ਬਣਾਉ ਅਤੇ ਉਸ ਨੂੰ ਦਾਣਿਆਂ ਦੀ ਲਾਈਨ ਤੇ ਰੱਖ ਕੇ ਦਾਣਿਆਂ ਦੀ ਗਿਣਤੀ ਕਰੋ। ਦਾਣਿਆਂ ਦੀ ਗਿਣਤੀ 1 ਮੀਟਰ ਲੰਬਾਈ ਵਿੱਚ 16 ਤੋਂ 20 ਹੋਣੀ ਚਾਹੀਦੀ ਹੈ।
10.ਜੇਕਰ ਤੁਹਾਡੀ ਕੀਤੀ ਹੋਈ ਦਾਣਿਆਂ ਦੀ ਗਿਣਤੀ ਇਸ ਤੋਂ ਘੱਟ ਆਉਂਦੀ ਹੈ ਤਾਂ ਖਾਦ ਵਾਲੇ ਲੀਵਰ ਦੀ ਮਦਦ ਨਾਲ ਪਸਤੌਲ ਦੇ ਅੰਦਰ ਦਾਣੇ ਚੁੱਕਣ ਵਾਲੇ ਰੋਲਰ ਦੀ ਲੰਬਾਈ ਵਧਾਉ ਅਤੇ ਪਹਿਲਾਂ ਹੀ ਬੰਦ ਕੀਤੀਆਂ ਝਿਰੀਆਂ ਦੀ ਵਧਾਈ ਹੋਈ ਖਾਲੀ ਜਗ੍ਹਾ ਨੂੰ ਮੋਮ ਨਾਲ ਦੁਬਾਰਾ ਬੰਦ ਕਰਕੇ ਗਿਣਤੀ ਨੂੰ ਦਰੁਸਤ ਕਰੋ।
11. ਤੁਹਾਡੀ ਕੀਤੀ ਹੋਈ ਦਾਣਿਆਂ ਦੀ ਗਿਣਤੀ ਇਸ ਤੋਂ ਵੱਧ ਆਉਂਦੀ ਹੈ ਤਾਂ ਇਕ ਹੋਰ ਝਿਰੀ ਨੂੰ ਬੰਦ ਕਰ ਦਿਉ। ਖਾਦ ਵਾਲੇ ਲੀਵਰ ਦੀ ਮਦਦ ਨਾਲ ਪਸਤੌਲ ਦੇ ਅੰਦਰ ਦਾਣੇ ਚੁੱਕਣ ਵਾਲੇ ਰੋਲਰ ਦੀ ਲੰਬਾਈ ਵਧਾਓ ਅਤੇ ਪਹਿਲਾਂ ਹੀ ਬੰਦ ਕੀਤੀਆਂ ਝਿਰੀਆਂ ਦੀ ਵਧਾਈ ਹੋਈ ਖਾਲੀ ਜਗ੍ਹਾ ਨੂੰ ਮੋਮ ਨਾਲ ਦੁਬਾਰਾ ਬੰਦ ਕਰਕੇ ਗਿਣਤੀ ਨੂੰ ਦਰੁਸਤ ਕਰੋ।

PunjabKesari

12.ਜਦੋਂ ਤੱਕ ਦਾਣਿਆਂ ਦੀ ਗਿਣਤੀ ਦਰੁਸਤ ਨਹੀਂ ਹੁੰਦੀ ਉਦੋਂ ਤੱਕ ਇਹ ਵਿਧੀ ਦੁਹਰਾਉਂਦੇ ਰਹੋ।
13.ਜਦੋਂ ਦਾਣਿਆਂ ਦੀ ਗਿਣਤੀ ਦਰੁਸਤ ਹੋ ਜਾਵੇ ਤਾਂ ਖਾਦ ਵਾਲੇ ਲੀਵਰ ਨੂੰ ਚੰਗੀ ਤਰ੍ਹਾਂ ਕਸ ਦਿਉ। ਮੋਮ ਨੂੰ ਝਿਰੀਆਂ ਤੋਂ ਬਾਹਰ ਕੱਢ ਦਿਉ ਅਤੇ ਇਨ੍ਹਾਂ ਝਿਰੀਆਂ ਨੂੰ ਸਿਲੀਕੋਨ ਜਾਂ ਅਜਿਹੇ ਕਿਸੇ ਹੋਰ ਪਦਾਰਥ ਨਾਲ ਬੰਦ ਕਰ ਦਿਉ। ਬਾਕੀ ਦੇ ਪਸਤੌਲਾਂ
ਦੀਆਂ ਝਿਰੀਆਂ ਨੂੰ ਵੀ ਇਸ ਰੋਲਰ ਦੀ ਤਰ੍ਹਾਂ ਬੰਦ ਕਰ ਦਿਉ।
14. ਝਿਰੀਆਂ ਬੰਦ ਕਰਨ ਲਈ ਲਗਾਇਆ ਗਿਆ ਪਦਾਰਥ ਸੁੱਕਣ ਤੇ ਹੀ ਬਿਜਾਈ ਸ਼ੁਰੂ ਕਰੋ ਅਤੇ ਬਿਜਾਈ ਦੌਰਾਨ ਇਨ੍ਹਾਂ ਬੰਦ ਕੀਤੀਆਂ ਝਿਰੀਆਂ ਨੂੰ ਚੈੱਕ ਕਰਦੇ ਰਹੋ।
15.ਜੇਕਰ ਝੋਨੇ ਦੀ ਸਿੱਧੀ ਬਿਜਾਈ ਹੈਪੀ ਸੀਡਰ ਵਿਚ ਤਬਦੀਲੀ ਕਰਕੇ ਕੀਤੀ ਜਾਂਦੀ ਹੈ ਤਾਂ ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਹੈਪਸੀਡਰ ਦਾ ਰੋਟਰ ਬੰਦ ਕਰ ਦੇਣਾ ਚਾਹੀਦਾ ਹੈ।


author

rajwinder kaur

Content Editor

Related News