ਫੇਸਬੁੱਕ 'ਤੇ ਆਸ਼ੂ ਤੇ ਬੈਂਸ ਖਿਲਾਫ ਇਤਰਾਜ਼ਯੋਗ ਪੋਸਟ ਪਾਉਣ ਵਾਲਾ DSP ਸਸਪੈਂਡ
Friday, Dec 06, 2019 - 10:59 PM (IST)
ਲੁਧਿਆਣਾ, (ਹਿਤੇਸ਼)— ਫੇਸਬੁੱਕ 'ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਇਤਰਾਜ਼ਯੋਗ ਪੋਸਟ ਪਾਉਣ ਵਾਲੇ ਡੀ. ਐੱਸ. ਪੀ. ਬਲਵਿੰਦਰ ਸੇਖੋਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਉਕਤ ਡੀ. ਐੱਸ. ਪੀ. ਦੀ ਪੋਸਟਿੰਗ ਇਸ ਸਮੇਂ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਵਿਚ ਸੀ, ਜਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਆਸ਼ੂ ਅਤੇ ਬੈਂਸ ਦੀ ਫੋਟੋ ਦੇ ਨਾਲ ਫੇਸਬੁੱਕ 'ਤੇ ਪੋਸਟ ਪਾ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇਥੋਂ ਤੱਕ ਕਿ ਇਨ੍ਹਾਂ 'ਚੋਂ ਕੁਝ ਪੋਸਟਾਂ ਤੇ ਉਨ੍ਹਾਂ 'ਤੇ ਲੋਕਾਂ ਵੱਲੋਂ ਕੀਤੇ ਗਏ ਕੁਮੈਂਟ ਦੇ ਸਕਰੀਨ ਸ਼ਾਟ ਲੈ ਕੇ ਆਸ਼ੂ ਅਤੇ ਬੈਂਸ ਨੂੰ ਵਟਸਐਪ 'ਤੇ ਭੇਜੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁੱਦਾ ਆਸ਼ੂ ਵੱਲੋਂ ਕੈਬਨਿਟ ਦੀ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਡੀ.ਐੱਸ.ਪੀ. ਖਿਲਾਫ ਕਾਰਵਾਈ ਹੋਈ ਹੈ।
ਹਾਲਾਂਕਿ ਇਸ ਤੋਂ ਬਾਅਦ ਡੀ.ਐੱਸ.ਪੀ. ਵੱਲੋਂ ਹੁਣ ਤੱਕ ਫੇਸਬੁੱਕ 'ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ।
ਫਲੈਟਾਂ ਦੇ ਨਿਰਮਾਣ ਦੀ ਜਾਂਚ ਤੋਂ ਸ਼ੁਰੂ ਹੋਇਆ ਵਿਵਾਦ
ਆਸ਼ੂ ਅਤੇ ਡੀ.ਐੱਸ.ਪੀ. ਦਰਮਿਆਨ ਵਿਵਾਦ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੇ ਆਰਡਰ 'ਤੇ ਹੋਈ ਗਿੱਲ ਰੋਡ ਸਥਿਤ ਫਲੈਟਾਂ ਦੇ ਪ੍ਰਾਜੈਕਟ ਦੀ ਜਾਂਚ ਕਾਰਣ ਸ਼ੁਰੂ ਹੋਇਆ ਸੀ ਜਿਸ ਸਬੰਧੀ ਤਿਆਰ ਕੀਤੀ ਗਈ ਰਿਪੋਰਟ ਵਿਚ ਡੀ.ਐੱਸ.ਪੀ. ਨੇ ਜਿਥੇ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਤੋਂ ਲੈ ਕੇ ਕਮਿਸ਼ਨਰ, ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਅਤੇ ਟਾਊਨ ਪਲਾਨਿੰਗ ਵਿੰਗ ਦੇ ਸਟਾਫ ਵੱਲੋਂ ਗਲਤ ਢੰਗ ਨਾਲ ਨਕਸ਼ਾ ਪਾਸ ਕਰਨ ਦਾ ਦੋਸ਼ ਲਗਾਇਆ, ਉਥੇ ਮੰਤਰੀ ਆਸ਼ੂ 'ਤੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕਥਿਤ ਤੌਰ 'ਤੇ ਧਮਕੀ ਦੇਣ ਸਬੰਧੀ ਆਡੀਓ ਰਿਕਾਰਡਿੰਗ ਵੀ ਵਾਇਰਲ ਕੀਤੀ ਗਈ ਸੀ।
ਨਿਯਮਾਂ ਦੀ ਉਲੰਘਣ ਤੇ ਰੈਵੀਨਿਊ ਦੇ ਨੁਕਸਾਨ ਦਾ ਹੈ ਮਾਮਲਾ
ਫਲੈਟਾਂ ਦੇ ਪ੍ਰਾਜੈਕਟ ਵਿਚ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਸਬੰਧੀ ਸ਼ਿਕਾਇਤ ਦੇਣ ਤੋਂ ਬਾਅਦ ਨਗਰ ਨਿਗਮ ਵੱਲੋਂ ਚੇਂਜ ਆਫ ਲੈਂਡ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ ਪਰ ਰਜਿਸਟਰੀ ਉਸ ਤੋਂ ਬਾਅਦ ਹੋਈ ਸੀ ਜਿਸ ਗੱਲ 'ਤੇ ਜ਼ਿਲਾ ਪ੍ਰਸ਼ਾਸਨ ਦੀ ਰਿਪੋਰਟ ਵਿਚ ਮੋਹਰ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵੱਲੋਂ ਜੋ ਕਲੀਨ ਚਿੱਟ ਦਿੱਤੀ ਗਈ ਸੀ, ਉਸ ਦੇ ਉਲਟ ਕੈਗ ਦੀ ਰਿਪੋਰਟ ਵਿਚ ਲੱਖਾਂ ਰੁਪਏ ਦੀ ਫੀਸ ਦੀ ਘੱਟ ਵਸੂਲੀ ਹੋਣ ਦਾ ਖੁਲਾਸਾ ਕੀਤਾ ਗਿਆ ਹੈ।
ਕੋਰਟ ਵਿਚ ਵੀ ਚੱਲ ਰਿਹੈ ਕੇਸ
ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਫਲੈਟਾਂ ਦੇ ਪ੍ਰਾਜੈਕਟ ਨੂੰ ਸੀਲ ਕਰਵਾ ਦਿੱਤਾ ਸੀ ਪਰ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਡੀ.ਐੱਸ.ਪੀ. ਦੀ ਬਦਲੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਡੀ.ਐੱਸ.ਪੀ. ਦੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਸਬੰਧੀ ਕੋਰਟ ਵਿਚ ਵੀ ਕੇਸ ਚੱਲ ਰਿਹਾ ਹੈ।