ਸਸਪੈਂਡ ਡੀ. ਐੱਸ. ਪੀ. ਸੇਖੋਂ ਵਲੋਂ ਲਗਾਏ ਗੰਭੀਰ ਦੋਸ਼ਾਂ ਦਾ ਮੰਤਰੀ ਆਸ਼ੂ ਵਲੋਂ ਜਵਾਬ
Monday, Feb 24, 2020 - 06:52 PM (IST)
ਲੁਧਿਆਣਾ (ਹਿਤੇਸ਼) : ਸਸਪੈਂਡ ਚੱਲ ਰਹੇ ਡੀ. ਐੱਸ. ਪੀ. ਬਲਵਿੰਦਰ ਸੇਖੋਂ ਵਲੋਂ ਲਾਏ ਦੋਸ਼ਾਂ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੇਖੋਂ ਦੀ ਅਪਰਾਧਿਕ ਬੈਕਰਾਉਂਡ ਕਾਰਣ ਉਸ ਖਿਲਾਫ ਕੇਸ ਦਰਜ ਹੋਏ ਹਨ। ਕੇਸਾਂ ਦੀ ਲਿਸਟ ਵੀ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਇਸ ਲਈ ਉਸ ਨੂੰ ਇਕ ਵਾਰ ਸਰਵਿਸ ਤੋਂ ਡਿਸਮਿਸ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੇਖੋਂ ਦੇ ਅਕਾਲੀ-ਭਾਜਪਾ ਨੇਤਾਵਾਂ ਨਾਲ ਰਿਸ਼ਤੇ ਜਗ-ਜ਼ਾਹਿਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸ਼ਹਿ 'ਤੇ ਹੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿਚ ਮੁੱਖ ਤੌਰ 'ਤੇ ਵਿਧਾਨ ਸਭਾ ਸੈਸ਼ਨ ਦੀ ਟਾਈਮਿੰਗ ਨੂੰ ਚੁਣਿਆ ਜਾਂਦਾ ਹੈ।
ਆਸ਼ੂ ਨੇ ਕਿਹਾ ਕਿ ਹੁਣ ਸੇਖੋਂ ਵਲੋਂ ਉਨ੍ਹਾਂ 'ਤੇ ਜੋ ਦੋਸ਼ ਲਾਇਆ ਗਿਆ ਹੈ ਉਸ ਨਾਲ ਸਬੰਧਤ ਕੇਸ 28 ਸਾਲ ਪਹਿਲਾਂ ਇਕ ਸਾਜ਼ਿਸ਼ ਤਹਿਤ ਦਰਜ ਕੀਤਾ ਗਿਆ ਸੀ ਅਤੇ ਜਿਨ੍ਹਾਂ ਦਸਤੇਵਜ਼ਾਂ ਨੂੰ ਸੇਖੋਂ ਵਲੋਂ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਦਸਤਾਵੇਜ਼ਾਂ ਦੇ ਕੇਸ ਦਾ ਹਿੱਸਾ ਹੋਣ ਦੇ ਬਾਵਜੂਦ ਕੋਰਟ ਵਲੋਂ ਉਨ੍ਹਾਂ ਨੂੰ ਬਰੀ ਕੀਤਾ ਗਿਆ ਸੀ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਵਲੋਂ 1997 ਤੋਂ ਬਾਅਦ ਲੜੀ ਗਈ ਹਰ ਚੋਣ ਦੌਰਾਨ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੇਖੋਂ ਵਲੋਂ ਉਨ੍ਹਾਂ ਖਿਲਾਫ ਜੋ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਹ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੌਜੂਦ ਹੈ, ਜਿਸ ਦੇ ਬਾਵਜੂਦ ਸੇਖੋਂ ਵਲੋਂ ਵਾਹ-ਵਾਹ ਬਟੋਰਨ ਲਈ ਹਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਸੇਖੋਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਕੋਰਟ ਵਿਚ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਸੁਣਵਾਈ ਦੌਰਾਨ ਇਸ ਤਰ੍ਹਾਂ ਜਨਤਕ ਤੌਰ 'ਤੇ ਬਿਆਨਬਾਜ਼ੀ ਕਰਨਾ ਸਿੱਧੇ ਤੌਰ 'ਤੇ ਅਦਾਲਤ ਦੀ ਮਾਣਹਾਨੀ ਦੇ ਦਾਇਰੇ ਵਿਚ ਆਉਂਦਾ ਹੈ।