ਮੁਅੱਤਲ DSP ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ

Monday, Mar 02, 2020 - 05:53 PM (IST)

ਮੁਅੱਤਲ DSP ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ

ਚੰਡੀਗੜ੍ਹ - ਆਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਮੁਅੱਤਲ ਡੀ.ਐੱਸ.ਪੀ. ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਅੱਜ ਆਤਮ ਸਮਰਪਣ ਕਰ ਦਿੱਤਾ। ਡੀ.ਐੱਸ.ਪੀ. ਸੋਨੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ 'ਤੇ ਗੋਲੀ ਚਲਾਈ। ਮੁਅੱਤਲ ਡੀ.ਐੱਸ.ਪੀ ਅਤੁਲ ਸੋਨੀ ਦੇ ਖਿਲਾਫ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਕਾਰਨ ਉਸ ਨੇ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪੀ.ਏ.ਪੀ.13 ਬਟਾਲੀਅਨ ਚੰਡੀਗੜ੍ਹ ਸਕੱਤਰੇਤ ਵਿਖੇ ਤਾਇਨਾਤ ਡੀ.ਐੱਸ.ਪੀ.ਅਤੁਲ ਸੋਨੀ ਸ਼ਨੀਵਾਰ ਰਾਤ 3 ਵਜੇ ਕਲੱਬ ਤੋਂ ਵਾਪਸ ਆਏ ਤਾਂ ਉਨ੍ਹਾਂ ਦੀ ਪਤਨੀ ਵਲੋਂ ਦਰਵਾਜ਼ਾ ਨਾ ਖੋਲ੍ਹਣ 'ਤੇ ਗੁੱਸੇ ਵਿਚ ਆਏ ਡੀ.ਐਸ.ਪੀ. ਅਤੁਲ ਸੋਨੀ ਨੇ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਉਸ ਸਮੇਂ ਅਤੁਲ ਸੋਨੀ ਸ਼ਨੀਵਾਰ ਨੂੰ ਦੇਰ ਰਾਤ ਇਕ ਪਾਰਟੀ ਤੋਂ ਘਰ ਪਰਤੇ ਸਨ।

ਹਮਲੇ ਤੋਂ ਬਾਅਦ ਅਤੁਲ ਸੋਨੀ ਦੀ ਪਤਨੀ ਆਪਣਾ ਬਚਾਅ ਕਰਦੀ ਹੋਈ ਮੋਹਾਲੀ ਦੇ ਥਾਣਾ-8 ਫੇਸ ਪਹੁੰਚੀ, ਜਿਥੇ ਉਸ ਨੇ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਦੇ ਸਾਰ ਹੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਦਿੱਤੀ ਸੀ। ਪਤਨੀ ’ਤੇ ਹਮਲਾ ਕਰਨ ਤੋਂ ਬਾਅਦ ਅਤੁਲ ਸੋਨੀ ਮੌਕੇ ਤੋਂ ਫਰਾਰ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅਤੁਲ ਸੋਨੀ ਨੇ ਪਤਨੀ ’ਤੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਨਹੀਂ ਚਲਾਈ ਸਗੋਂ ਨਾਜਾਇਜ਼ ਅਸਲੇ ਨਾਲ ਚਲਾਈ ਸੀ। ਦੱਸਣਯੋਗ ਹੈ ਕਿ ਡੀ.ਐੱਸ.ਪੀ. ਅਤੁਲ ਸੋਨੀ ਆਪਣੀ ਸਿਹਤ ਨੂੰ ਲੈ ਕੇ ਪੰਜਾਬ ਪੁਲਸ ਵਿਚ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦਾ ਸਰੀਰ ਕਿਸੇ ਬਾਡੀ ਬਿਲਡਰ ਤੋਂ ਘੱਟ ਨਹੀਂ।

ਦੱਸ ਦੇਈਏ ਕਿ ਅਤੁਲ ਸੋਨੀ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਸ ਨੇ ਪਹਿਲਾਂ ਮੋਹਾਲੀ ਕੋਰਟ 'ਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ, ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਸੋਨੀ ਨੇ ਹਾਈਕੋਰਟ 'ਚ ਜ਼ਮਾਨਤ ਅਰਜ਼ੀ ਪਾਈ ਪਰ ਹਾਈਕੋਰਟ ਵੱਲੋਂ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਡੀ. ਐੱਸ. ਪੀ. ਅਤੁਲ ਸੋਨੀ ਨੂੰ ਗ੍ਰਹਿ ਸਕੱਤਰ ਪੰਜਾਬ ਸਤੀਸ਼ ਚੰਦਰਾ ਵੱਲੋਂ ਸਸਪੈਂਡ ਕਰਨ ਦੇ ਆਰਡਰ ਨਾਲ ਹੀ ਉਸ ਦੀ ਵਿਭਾਗੀ ਜਾਂਚ ਦੇ ਵੀ ਆਦੇਸ਼ ਦੇ ਦਿੱਤੇ ਗਏ ਸਨ।  

ਪੁਲਸ ਨੇ ਅਤੁਲ ਸੋਨੀ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 323 (ਹਮਲਾ), 307 (ਹੱਤਿਆ ਦੀ ਕੋਸ਼ਿਸ਼), 498-ਏ (ਘਰੇਲੂ ਹਿੰਸਾ) ਅਤੇ ਆਰਮਜ਼ ਐਕਟ ਦੇ ਤਹਿਤ ਫੇਜ਼-8 ਥਾਣੇ 'ਚ 19 ਜਨਵਰੀ 2020 ਨੂੰ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਦੇ ਅਗਲੇ ਦਿਨ ਹੀ ਪਤਨੀ ਨੇ ਐਫੀਡੇਵਿਟ ਜਾਰੀ ਕਰ ਦਿੱਤਾ ਸੀ, ਨਾਲ ਹੀ ਇਲਜ਼ਾਮ ਲਗਾਇਆ ਸੀ ਕਿ ਪੁਲਸ ਨੇ ਖੁਦ ਹੀ ਫਾਇਰਿੰਗ ਵਾਲੀ ਗੱਲ ਐੱਫ. ਆਈ. ਆਰ. 'ਚ ਦਰਜ ਕਰ ਲਈ ਸੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਸੋਨੀ ਦੀ ਪਤਨੀ ਨੇ ਖੁਦ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕੋਲ ਹਥਿਆਰ ਨੂੰ ਸੌਂਪਣ ਸਮੇਂ ਦੀ ਵੀਡੀਓ ਵੀ ਹੈ।

 


author

rajwinder kaur

Content Editor

Related News