ਡੇਰਾ ਮੁਖੀ ਤੋਂ ਹਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਖਿਲਾਫ ਕਾਰਵਾਈ ਦੀ ਮੰਗ

02/06/2017 1:25:38 PM

ਨਵੀਂ ਦਿੱਲੀ/ਜਲੰਧਰ (ਚਾਵਲਾ) : ਡੇਰਾ ਸੱਚਾ ਸੌਦਾ ਸਿਰਸਾ ਵਿਖੇ ਪੰਜਾਬ ਚੋਣਾਂ ਲਈ ਹਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਕਮੇਟੀ ਅਹੁਦੇਦਾਰਾਂ ਦੀ ਹੋਈ ਹੰਗਾਮੀ ਬੈਠਕ ''ਚ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤੀ ਪੱਤਰ ਕਮੇਟੀ ਵੱਲੋਂ ਭੇਜਣ ਦਾ ਫੈਸਲਾ ਲਿਆ ਗਿਆ। ਬੈਠਕ ''ਚ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ ਮੌਜੂਦ ਸਨ। ਜੀ. ਕੇ. ਤੇ ਸਿਰਸਾ ਨੇ ਕਿਹਾ ਕਿ ਡੇਰਾ ਮੁਖੀ ਨਾਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰੋਟੀ ਅਤੇ ਬੇਟੀ ਦਾ ਰਿਸ਼ਤਾ ਨਾ ਰੱਖਣ ਦਾ ਹੁਕਮਨਾਮਾ 2007 ''ਚ ਜਾਰੀ ਹੋਇਆ ਸੀ, ਇਸ ਕਰ ਕੇ ਡੇਰੇ ਦੀ ਚੌਖਟ ''ਤੇ ਗਏ ਸਿੱਖ ਉਮੀਦਵਾਰ ਪਹਿਲੀ ਨਜ਼ਰ ''ਚ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਨ ਦੇ ਕਥਿਤ ਤੌਰ ''ਤੇ ਦੋਸ਼ੀ ਹਨ। ਜੀ. ਕੇ. ਨੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦੇਣ ਦੀ ਵਕਾਲਤ ਕਰਦੇ ਹੋਏ ਜਥੇਦਾਰ ਨੂੰ ਭੇਜੇ ਪੱਤਰ ਦਾ ਉਤਾਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਵੀ ਭੇਜਿਆ ਹੈ। ਜੀ. ਕੇ ਨੇ ਸਾਫ ਕਿਹਾ ਕਿ ਜਿਸ ਤਰੀਕੇ ਨਾਲ ਕਤਲ, ਜਬਰ-ਜ਼ਨਾਹ ਅਤੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਦੇ ਦੋਸ਼ਾਂ ਤਹਿਤ ਅਦਾਲਤ ''ਚ ਗੇੜੇ ਕੱਟ ਰਹੇ ਇਨਸਾਨ ਨੂੰ ਕਿਸੇ ਵੀ ਕੀਮਤ ''ਤੇ ਸਾਧ ਨਹੀਂ ਮੰਨਿਆ ਜਾ ਸਕਦਾ, ਉਸੇ ਤਰ੍ਹਾਂ ਹੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਦੀ ਉਲੰਘਣਾ ਦਾ ਸਵਾਲ ਹੀ ਨਹੀਂ ਉੱਠਦਾ।

Babita Marhas

News Editor

Related News