ਮੋਹਾਲੀ ਨਗਰ ਨਿਗਮ ਨੇ ਆਰੰਭੀ ਸੁੱਕੇ ਦਰੱਖ਼ਤਾਂ ਦੀ ਕਟਾਈ, ਲਾਏ ਜਾਣਗੇ ਨਵੇਂ ਬੂਟੇ

Wednesday, Jul 13, 2022 - 03:44 PM (IST)

ਮੋਹਾਲੀ ਨਗਰ ਨਿਗਮ ਨੇ ਆਰੰਭੀ ਸੁੱਕੇ ਦਰੱਖ਼ਤਾਂ ਦੀ ਕਟਾਈ, ਲਾਏ ਜਾਣਗੇ ਨਵੇਂ ਬੂਟੇ

ਮੋਹਾਲੀ (ਨਿਆਮੀਆਂ) : ਚੰਡੀਗੜ੍ਹ ਦੇ ਇਕ ਸਕੂਲ 'ਚ ਇਕ ਪੁਰਾਣਾ ਦਰੱਖ਼ਤ ਡਿੱਗਣ ਕਾਰਨ ਕੁੜੀ ਦੀ ਹੋਈ ਮੌਤ ਅਤੇ ਹੋਰਨਾਂ ਵਿਦਿਆਰਥਣਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਮੋਹਾਲੀ ਨਗਰ ਨਿਗਮ ਹਰਕਤ 'ਚ ਆ ਗਿਆ ਹੈ। ਇਸ ਸਬੰਧੀ ਮੋਹਾਲੀ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਦੀਆਂ ਹਦਾਇਤਾਂ ਤੋਂ ਬਾਅਦ ਪੂਰੇ ਮੋਹਾਲੀ 'ਚ ਵੱਖ-ਵੱਖ ਟੀਮਾਂ ਬਣਾ ਕੇ ਸੁੱਕੇ ਹੋਏ ਦਰੱਖ਼ਤਾਂ ਦੀ ਕਟਾਈ ਆਰੰਭ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਨਵਜੋਤ ਕੌਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਜਿੱਥੇ ਵੀ ਸੁੱਕੇ ਦਰੱਖ਼ਤ ਦੀ ਕਟਾਈ ਕੀਤੀ ਜਾਂਦੀ ਹੈ, ਉੱਥੇ ਨਵਾ ਬੂਟਾ ਲਾਇਆ ਜਾਵੇ, ਤਾਂ ਜੋ ਮੋਹਾਲੀ ਇਸੇ ਤਰ੍ਹਾਂ ਹਰਿਆ-ਭਰਿਆ ਬਣਿਆ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੀਟਿੰਗ 'ਚ ਅਧਿਕਾਰੀਆਂ ਨੂੰ ਸੱਦ ਕੇ ਆਪੋ-ਆਪਣੇ ਖੇਤਰ 'ਚ ਸੁੱਕੇ ਦਰੱਖ਼ਤਾਂ ਦੀ ਕਟਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ, ਜਿਸ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਸ਼ਿਕਾਇਤਾਂ ਦੇ ਆਧਾਰ ’ਤੇ ਸੁੱਕੇ ਦਰੱਖ਼ਤਾਂ ਦੀ ਕਟਾਈ ਆਰੰਭ ਕਰਵਾ ਦਿੱਤੀ ਗਈ ਹੈ।

ਇਸ ਮੌਕੇ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵੱਖ-ਵੱਖ ਇਲਾਕਿਆਂ 'ਚ ਸੁੱਕੇ ਦਰੱਖ਼ਤਾਂ ਸਬੰਧੀ ਆਈਆਂ ਸ਼ਿਕਾਇਤਾਂ ਤੋਂ ਇਲਾਵਾ ਖ਼ੁਦ ਵੀ ਨਗਰ ਨਿਗਮ ਦੇ ਅਧਿਕਾਰੀ ਆਪੋ-ਆਪਣੇ ਖੇਤਰ 'ਚ ਮੁਆਇਨਾ ਕਰਨ ਅਤੇ ਸੁੱਕੇ ਦਰੱਖ਼ਤਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੀ ਕਟਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਮੌਸਮ 'ਚ ਸੁੱਕੇ ਦਰੱਖ਼ਤਾਂ ਦੇ ਡਿੱਗਣ ਦਾ ਖ਼ਦਸ਼ਾ ਜ਼ਿਆਦਾ ਬਣਿਆ ਰਹਿੰਦਾ ਹੈ। ਇਸ ਕਰ ਕੇ ਫੌਰੀ ਇਹ ਕਾਰਵਾਈ ਆਰੰਭ ਕਰਵਾਈ ਗਈ ਹੈ।


author

Babita

Content Editor

Related News