ਔਰਤ ਨਾਲ ਸਹੁਰੇ ਤੇ ਚਾਚੇ ਸਹੁਰੇ ਵੱਲੋਂ ਕੁੱਟਮਾਰ ਅਤੇ ਗਾਲੀ-ਗਲੋਚ
Thursday, Nov 05, 2026 - 03:54 PM (IST)
ਫਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ, ਮਲਹੋਤਰਾ) : ਫ਼ਿਰੋਜ਼ਪੁਰ ਸ਼ਹਿਰ ਦੀ ਕਾਸ਼ੀ ਨਗਰੀ ’ਚ ਇਕ ਔਰਤ ਨਾਲ ਉਸ ਦੇ ਸਹੁਰੇ ਅਤੇ ਚਾਚੇ ਸਹੁਰੇ ਵੱਲੋਂ ਗਾਲੀ-ਗਲੋਚ ਕਰਨ, ਕੁੱਟਮਾਰ ਕਰਨ ਅਤੇ ਕੱਪੜੇ ਪਾੜ ਕੇ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਨਿਸ਼ਠਾ ਪਤਨੀ ਰਿਤੀਜ ਵਾਸੀ ਕਾਸ਼ੀ ਨਗਰੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਕ ਨਵੰਬਰ ਦੀ ਰਾਤ ਕਰੀਬ 10:30 ਵਜੇ ਉਸ ਦਾ ਸਹੁਰਾ ਰਾਜ ਕੁਮਾਰ ਅਤੇ ਚਾਚਾ ਸਹੁਰਾ ਸੁਰਿੰਦਰ ਸਚਦੇਵਾ ਪੁੱਤਰਾਨ ਲੇਖ ਰਾਜ ਸਚਦੇਵਾ ਰੌਲਾ ਪਾਉਂਦੇ ਹੋਏ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹ ਉੱਚੀ-ਉੱਚੀ ਆਖ ਰਹੇ ਸਨ ਕਿ ਅੱਜ ਇਸ ਨੂੰ ਘਰੋਂ ਬਾਹਰ ਕੱਢ ਦੇਣਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਹ ਆਪਣੇ ਕਮਰਿਆਂ ’ਚ ਚਲੇ ਗਏ।
ਅਗਲੀ ਸਵੇਰ 2 ਨਵੰਬਰ ਨੂੰ ਕਰੀਬ 8:30 ਵਜੇ ਜਦੋਂ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਸਹੁਰਾ ਰਾਜ ਕੁਮਾਰ ਗਾਲੀ-ਗਲੋਚ ਕਰਦਾ ਹੋਇਆ ਬਾਹਰ ਆਇਆ ਅਤੇ ਉਸ ਨੂੰ ਕੱਪੜਿਆਂ ਤੋਂ ਫੜ੍ਹ ਕੇ ਖਿੱਚ-ਧੂਹ ਕਰਨ ਲੱਗ ਪਿਆ। ਇਸੇ ਦੌਰਾਨ ਉਸ ਦਾ ਚਾਚਾ ਸਹੁਰਾ ਸੁਰਿੰਦਰ ਵੀ ਉਥੇ ਆ ਗਿਆ। ਦੋਹਾਂ ਨੇ ਮਿਲ ਕੇ ਉਸ ਦੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
