ਨਸ਼ੇ 'ਚ ਟੱਲੀ ਹੋ ਕੇ ਵਿਅਕਤੀ ਨੇ ਹੋਮਗਾਰਡ 'ਤੇ ਕੀਤਾ ਹਮਲਾ

Tuesday, Feb 13, 2018 - 03:53 PM (IST)

ਨਸ਼ੇ 'ਚ ਟੱਲੀ ਹੋ ਕੇ ਵਿਅਕਤੀ ਨੇ ਹੋਮਗਾਰਡ 'ਤੇ ਕੀਤਾ ਹਮਲਾ

ਸ੍ਰੀ ਆਨੰਦਪੁਰ ਸਾਹਿਬ (ਦਲਜੀਤ)— ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਇਕ ਵਿਅਕਤੀ ਵੱਲੋਂ ਪੰਜਾਬ ਹੋਮਗਾਰਡ ਦੇ ਜਵਾਨ 'ਤੇ ਹਮਲਾ ਕਰਕੇ ਵਰਦੀ ਪਾੜ ਦਿੱਤੀ ਗਈ। ਚੌਕੀ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਮੈਂ ਆਪਣੀ ਪੁਲਸ ਪਾਰਟੀ ਨਾਲ ਵੇਰਕਾ ਚੌਕ ਵਿਖੇ ਗਸ਼ਤ ਕਰ ਰਿਹਾ ਸੀ ਕਿ ਕਿਸਾਨ ਹਵੇਲੀ ਨੇੜੇ ਰਹਿੰਦੇ ਵਿਅਕਤੀ ਬੁੱਧ ਰਾਮ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਮੋਹਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨੇੜੇ ਕਿਸਾਨ ਹਵੇਲੀ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ। ਜਦੋਂ ਅਸੀਂ ਉਕਤ ਜਗ੍ਹਾ 'ਤੇ ਪਹੁੰਚੇ ਤਾਂ ਮੋਹਨ ਸਿੰਘ ਨੇ ਸਾਡੇ ਹੋਮਗਾਰਡ ਦੇ ਮੁਲਾਜ਼ਮ ਅਵਤਾਰ ਕ੍ਰਿਸ਼ਨ 'ਤੇ ਹਮਲਾ ਕਰਕੇ ਉਸ ਦੀ ਵਰਦੀ ਪਾੜ ਦਿੱਤੀ। 
ਉਨ੍ਹਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਜਦੋਂ ਉਕਤ ਸ਼ਰਾਬੀ ਵਿਅਕਤੀ ਨੂੰ ਫੜਨ ਲਈ ਦੂਜਾ ਹੋਮਗਾਰਡ ਮੁਲਾਜ਼ਮ ਮਲਕੀਤ ਸਿੰਘ ਅੱਗੇ ਹੋਇਆ ਤਾਂ ਉਕਤ ਵਿਅਕਤੀ ਨੇ ਮਲਕੀਤ ਸਿੰਘ ਦੇ ਹੱਥ 'ਤੇ ਦੰਦੀ ਵੱਢ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਅਸੀਂ ਬੜੀ ਮੁਸ਼ਕਿਲ ਨਾਲ ਮੋਹਨ ਸਿੰਘ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਬਟਨ ਵਾਲਾ ਚਾਕੂ ਬਰਾਮਦ ਹੋਇਆ, ਜਿਸ ਨੂੰ ਜ਼ਬਤ ਕਰਕੇ ਉਕਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News