ਕਪੂਰਥਲਾ ''ਚ ਬਣਾਈ ਗਈ ਐੱਸ. ਟੀ. ਐੱਫ. ਟੀਮ ਡਰੱਗਜ਼ ਖਿਲਾਫ ਨਹੀਂ ਦਿਖਾ ਸਕੀ ਕੋਈ ਕ੍ਰਿਸ਼ਮਾ

Thursday, Feb 15, 2018 - 01:11 PM (IST)

ਕਪੂਰਥਲਾ ''ਚ ਬਣਾਈ ਗਈ ਐੱਸ. ਟੀ. ਐੱਫ. ਟੀਮ ਡਰੱਗਜ਼ ਖਿਲਾਫ ਨਹੀਂ ਦਿਖਾ ਸਕੀ ਕੋਈ ਕ੍ਰਿਸ਼ਮਾ

ਕਪੂਰਥਲਾ (ਗੌਰਵ)— ਸੂਬੇ ਵਿਚ ਲੰਬੇ ਸਮੇਂ ਤੋਂ ਕੋਹੜ ਦਾ ਰੂਪ ਧਾਰਨ ਕਰ ਚੁੱਕੀ ਡਰੱਗ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਸਾਲ ਮਾਰਚ ਮਹੀਨੇ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਰੱਗ ਮਾਫੀਆ ਦਾ ਸਫਾਇਆ ਕਰਨ ਦੇ ਮਕਸਦ ਨਾਲ ਬਣਾਈ ਗਈ ਐੱਸ. ਟੀ. ਐੱਫ. ਵੱਲੋਂ ਭਾਵੇਂ ਸੂਬੇ ਭਰ 'ਚ ਕਈ ਵੱਡੇ ਡਰੱਗ ਸਮੱਗਲਰਾਂ ਨੂੰ ਕਾਬੂ ਕਰਕੇ ਜਿੱਥੇ ਕਾਫੀ ਵਧੀਆ ਨਾਂ ਕਮਾਇਆ ਹੈ, ਉਥੇ ਹੀ ਕਪੂਰਥਲਾ ਵਿਚ ਤਾਂ ਜ਼ਿਲਾ ਪੁਲਸ ਨੇ 15 ਥਾਣਾ ਖੇਤਰਾਂ 'ਚ ਵੱਡੇ ਪੱਧਰ 'ਤੇ ਡਰੱਗ ਦੀ ਬਰਾਮਦਗੀ ਕਰਕੇ ਕਾਫੀ ਚੰਗੀ ਕਾਮਯਾਬੀ ਹਾਸਲ ਕੀਤੀ ਹੈ ਪਰ ਕਪੂਰਥਲਾ ਵਿਚ ਬਣਾਈ ਗਈ ਐੱਸ. ਟੀ. ਐੱਫ. ਟੀਮ ਪਿਛਲੇ ਕੁਝ ਮਹੀਨਿਆਂ ਦੌਰਾਨ ਅਜਿਹਾ ਕੋਈ ਕ੍ਰਿਸ਼ਮਾ ਨਹੀਂ ਦਿਖਾ ਸਕੀ ਹੈ, ਜਿਸ ਤੋਂ ਸਾਬਤ ਹੋ ਸਕੇ ਕਿ ਐੱਸ. ਟੀ. ਐੱਫ. ਟੀਮ ਨੇ ਡਰੱਗ ਮਾਫੀਆ ਖਿਲਾਫ ਕੋਈ ਗੰਭੀਰ ਮੁਹਿੰਮ ਛੇੜੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਡਰੱਗ ਦੀ ਸਮੱਸਿਆ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਡਰੱਗ ਦੇ ਮੁੱਦੇ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਨੂੰ ਵੱਡਾ ਬਹੁਮਤ ਮਿਲਿਆ ਸੀ ਅਤੇ ਮੁੱਖ ਮੰਤਰੀ ਦੇ ਹੁਕਮਾਂ 'ਤੇ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਐੱਸ. ਟੀ. ਐੱਫ. ਬਣਾਈ ਗਈ ਸੀ। 
ਐੱਸ. ਟੀ. ਐੱਫ. ਨੇ ਇਕ ਪੁਲਸ ਇੰਸਪਕੈਟਰ ਸਮੇਤ ਕਈ ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀਆਂ ਬਰਾਮਦਗੀਆਂ ਕੀਤੀਆਂ ਹਨ ਪਰ ਕਪੂਰਥਲਾ 'ਚ ਤਾਇਨਾਤ ਕੀਤੀ ਐੱਸ. ਟੀ. ਐੱਫ. ਟੀਮ ਨੇ ਅਜਿਹੀ ਕੋਈ ਕਾਮਯਾਬੀ ਹਾਸਲ ਨਹੀਂ ਕੀਤੀ, ਜਿਸ ਨੂੰ ਲੈ ਕੇ ਡਰੱਗ ਮਾਫੀਆ 'ਚ ਕੋਈ ਦਹਿਸ਼ਤ ਪੈਦਾ ਹੋ ਸਕੇ। ਜੇਕਰ ਪਿਛਲੇ ਕੁਝ ਮਹੀਨਿਆਂ ਦੌਰਾਨ ਐੱਸ. ਟੀ. ਐੱਫ. ਕਪੂਰਥਲਾ ਦੀ ਕਾਰਗੁਜ਼ਾਰੀ ਵੱਲ ਝਾਤੀ ਮਾਰੀਏ ਤਾਂ ਇੱਕਾ ਦੁੱਕਾ ਨਸ਼ੀਲੇ ਪਾਊਡਰ ਅਤੇ ਕੈਪਸੂਲ ਦੀ ਖੇਪ ਤੋਂ ਇਲਾਵਾ ਐੱਸ. ਟੀ. ਐੱਫ. ਨੇ ਹੈਰੋਇਨ, ਅਫੀਮ ਅਤੇ ਚੂਰਾ-ਪੋਸਤ ਵਰਗੇ ਖਤਰਨਾਕ ਡਰਗ ਬਰਾਮਦ ਕਰਨ 'ਚ ਕੋਈ ਕਾਮਯਾਬੀ ਹਾਸਲ ਨਹੀਂ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਫਿਲਹਾਲ ਐੱਸ. ਟੀ. ਐੱਫ. ਦੀ ਹਾਲਤ ਕਪੂਰਥਲਾ ਵਿਚ ਕਾਫੀ ਪਤਲੀ ਨਜ਼ਰ ਆ ਰਹੀ ਹੈ। ਜਦੋਂ ਇਸ ਸਬੰਧ 'ਚ ਐੱਸ. ਟੀ. ਐੱਫ. ਪੰਜਾਬ ਦੇ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਗਿੱਲ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Related News