ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?

Tuesday, Jun 30, 2020 - 05:54 PM (IST)

ਮਜੀਠਾ (ਸਰਬਜੀਤ): ''ਨਸ਼ਾ, ਨਸ਼ਾ, ਨਸ਼ਾ...!'' ਇਕ ਅਜਿਹਾ ਸ਼ਬਦ ਜਿਸ ਨੇ ਪੰਜਾਬ ਦੀ ਸੋਨੇ ਰੰਗੀ ਜਵਾਨੀ ਨੂੰ ਆਪਣੇ ਜਾਲ ਵਿਚ ਜਕੜਦਿਆਂ ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਮਾਂਵਾਂ ਦੇ ਲਾਲ ਉਨ੍ਹਾਂ ਕੋਲੋਂ ਖੋਹ ਲਏ ਹਨ। ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਨਸ਼ੇ ਨੂੰ ਮੁੱਖ ਮੁੱਦਾ ਬਣਾਉਂਦਿਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਹਮੇਸ਼ਾ ਹੀ ਪੰਜਾਬ ਦੀ ਸੱਤਾ ਨੂੰ ਹਥਿਆਉਣ ਦੀ ਮਨ 'ਚ ਲਾਲਸਾ ਲਈ ਸਿਆਸੀ ਪੈਂਤੜਾ ਖੇਡਣ ਵਾਲੀਆਂ ਕਾਂਗਰਸ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ 'ਤੇ ਇਸ ਵੇਲੇ ''ਬਗਲ ਮੇਂ ਛੁਰੀ, ਮੂੰਹ ਮੇਂ ਰਾਮ-ਰਾਮ'' ਵਾਲੀ ਕਹਾਵਤ ਬਿਲਕੁਲ ਫਿੱਟ ਬੈਠਦੀ ਦਿਖਾਈ ਦੇ ਰਹੀ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਅੰਦਰ ਖਾਤੇ ਤਾਂ ਇਕ ਹੀ ਹਨ, ਬੱਸ ਸਿਰਫ ਤੇ ਸਿਰਫ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਦੇ ਆਪਣੇ-ਆਪ ਨੂੰ ਇਕ-ਦੂਜੇ ਤੋਂ ਵੱਖ ਦੱਸਦਿਆਂ ਇਕ ਤਾਂ ਵੋਟਾਂ ਦੀ ਰਾਜਨੀਤੀ ਨੂੰ ਪਹਿਲ ਦਿੰਦੀਆਂ ਆ ਰਹੀਆਂ ਹਨ ਅਤੇ ਦੂਜਾ, ਇਨ੍ਹਾਂ ਸਿਆਸੀ ਪਾਰਟੀਆਂ ਨੂੰ ਆਮ ਜਨਤਾ ਦੇ ਦੁੱਖ-ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਹਮੇਸ਼ਾ ਮੌਕੇ ਦੀ ਤਾਕ 'ਚ ਰਹਿੰਦੀਆਂ ਹਨ ਕਿ ਕਿਸ ਵੇਲੇ ਕਿਸੇ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਵੇ। ਹੋਰ ਤਾਂ ਹੋਰ ਜਦੋਂ ਵੀ ਕਿਤੇ ਕਾਂਗਰਸ ਅਤੇ ਹੋਰਨਾਂ ਉੱਚ ਪੱਧਰੀ ਰਾਜਨੀਤਿਕ ਪਾਰਟੀਆਂ ਨੂੰ ਕੋਈ ਮੌਕਾ ਮਿਲਦਾ ਹੈ ਤਾਂ ਇਹ ਖੁੱਲ੍ਹ•ਕੇ ਇਕ-ਦੂਜੇ ਵਿਰੁੱਧ ਖੁੱਲ੍ਹ ਕੇ ਸ਼ਬਦੀ ਬਾਣ ਛੱਡਦੀਆਂ ਅਤੇ ਇਕ-ਦੂਜੇ ਉੱਪਰ ਦੋਸ਼ਾਂ-ਪ੍ਰਤੀਦੋਸ਼ਾਂ ਦੀ ਖੂਬ ਝੜੀ ਲਗਾਉਂਦੀਆਂ ਹਨ।

ਜੀ ਹਾਂ! ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸੰਸਾਰ ਭਰ ਵਿਚ ਫੈਲੇ ਨਸ਼ਾ ਰੂਪੀ ਕੋਹੜ ਦੀ, ਜੋ ਕਿ ਨੌਜਵਾਨ ਪੀੜੀ ਨੂੰ ਦਿਨ-ਬ-ਦਿਨ ਆਪਣੀ ਬੁਕਲ ਦੀ ਲਪੇਟ ਵਿਚ ਲੈ ਰਿਹਾ ਹੈ, ਜਿਸ ਦੇ ਭਿਆਨਕ ਨਤੀਜਿਆਂ ਨੂੰ ਦੇਖਦੇ ਹੋਏ ਹਰ ਸਾਲ ਵਿਸ਼ਵ ਭਰ ਵਿਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ, ਜਿਸ ਨੂੰ ਬੀਤੇ ਦਿਨੀ ਪੰਜਾਬ ਅੰਦਰ ਵੀ ਪ੍ਰਸ਼ਾਸ਼ਨ ਵਲੋਂ ਬਹੁਤ ਹੀ ਵੱਧ ਚੜ ਕੇ ਪਿੰਡ, ਸ਼ਹਿਰ ਤੇ ਕਸਬਿਆਂ ਅੰਦਰ ਸੈਮੀਨਾਰ ਲਗਾ ਕੇ ਇਸ ਤੋਂ ਹੋਣ ਵਾਲੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਕੇ ਮਨਾਇਆ ਗਿਆ, ਤਾਂ ਕਿ ਇਸ ਨਾ-ਮੁਰਾਦ ਬਿਮਾਰੀ ਤੋਂ ਨੌਜਵਾਨ ਪੀੜੀ ਸੁਚੇਤ ਹੋ ਸਕੇ। ਪੰਜਾਬ ਦੀ ਧਰਤੀ ਤੇ ਪੈਦਾ ਹੋਏ ਨੌਜਵਾਨ ਚੋੜੀਆਂ ਛਾਤੀਆਂ ਤੇ ਬੁਲੰਦ ਹੌਸਲਿਆਂ ਕਰਕੇ ਪੂਰੀ ਦੁਨੀਆ ਅੰਦਰ ਵੱਖ-ਵੱਖ ਖੇਤਰਾਂ ਵਿਚ ਜਿਥੇ ਆਪਣੀ ਵੱਖਰੀ ਪਛਾਣ ਰੱਖਦੇ ਹਨ, ਉਥੇ ਹੀ ਅੱਜ ਪੰਜਾਬ ਅੰਦਰ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਪੰਜਾਬ ਦੀ ਨੌਜਵਾਨੀ ਨੂੰ ਘੁਨ ਵਾਂਗ ਖਾ ਰਿਹਾ ਹੈ। ਪੰਜਾਬ ਅੰਦਰ ਨਸ਼ਿਆਂ ਨੇ ਆਪਣੇ ਪੈਰ ਇੰਨੇ ਜ਼ਿਆਦਾ ਪਸਾਰ ਲਏ ਹਨ ਕਿ ਜਿਸ ਤੋਂ ਹਰ ਪੰਜਾਬ ਵਾਸੀ ਆਪਣੀ ਨੌਜਵਾਨ ਔਲਾਦ ਨੂੰ ਲੈ ਕੇ ਕਿੰਨਾ ਫਿਕਰਮੰਦ ਹੈ, ਇਸ ਦਾ ਅੰਦਾਜਾ ਪਿਛਲੇ ਸਮੇਂ 2017 ਵਿਚ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿਚ ਨਸ਼ਾ ਇਕ ਬਹੁਤ ਵੱਡਾ ਪੰਜਾਬ ਦਾ ਮੁੱਦਾ ਬਣਕੇ ਉਭਰਿਆ, ਜਿਸ ਨੂੰ ਸਮੇਂ ਦੀ ਨਜ਼ਾਕਤ ਸਮਝਦਿਆਂ ਹੋਇਆਂ 10 ਸਾਲ ਤੋਂ ਸਤਾ ਤੋਂ ਦੂਰ ਬੈਠੀ ਕਾਂਗਰਸ ਪਾਰਟੀ ਨੇ ਇਸ ਦਾ ਪੂਰਾ ਪੂਰਾ ਫਾਇਦਾ ਚੁੱਕਦੇ ਹੋਏ ਅਕਾਲੀ ਦਲ ਉਪਰ ਨਸ਼ਾ ਮਾਫੀਆ ਦੇ ਨਾਲ ਮਿਲੀ ਭੁਗਤ ਦੇ ਇਲਜਾਮ ਲਗਾਉਂਦੇ ਹੋਏ ਚੋਣ ਮੁੱਦਾ ਬਣਾਇਆ ਅਤੇ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਜਨਤਾ ਨੂੰ ਨਸ਼ੇ ਨੂੰ ਪੰਜਾਬ ਵਿਚੋਂ 1 ਮਹੀਨੇ ਦੇ ਅੰਦਰ ਅੰਦਰ ਖਤਮ ਕਰਨ ਦਾ ਹੱਥ ਵਿਚ ਗੁਟਕਾ ਸਾਹਿਬ ਫੜਕੇ ਸਹੁੰ ਖਾ ਕੇ ਵਿਸ਼ਵਾਸ ਦਵਾਉਣਾ ਪਿਆ। ਕੁਲ ਮਿਲਾ ਕੇ ਨਸ਼ਾ ਤਾਂ ਪੰਜਾਬ 'ਚੋਂ ਖਤਮ ਹੋਇਆ ਜਾਂ ਨਹੀ ਹੋਇਆ ਸਭ ਜਾਣਦੇ ਹਨ ਪਰ ਇਸ ਵੱਡੇ ਮੁੱਦੇ ਨੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੂੰ ਸਤਾ ਸੁੱਖ ਤਾਂ ਜਰੂਰ ਦਵਾ ਦਿੱਤਾ।

ਵੱਡੀ ਚੁਣੌਤੀ ਹੈ ਨੌਜਵਾਨਾਂ ਵਿਚ ਵਧ ਰਿਹੈ ਨਸ਼ਿਆਂ ਦਾ ਰੁਝਾਨ  
ਦੁਨੀਆ ਭਰ 'ਚ ਪੰਜਾਬ ਨੂੰ ਬੇਸ਼ਕ ਪੰਜਾ ਦਰਿਆਵਾਂ ਦੀ ਧਰਤੀ ਨਾਲ ਜਾਣਿਆਂ ਜਾਂਦਾ ਰਿਹਾ ਹੋਏ ਪ੍ਰੰਤੂ ਹੁਣ ਪੰਜਾਬ ਅੰਦਰ ਬਹੁਤ ਤੇਜ਼ ਗਤੀ ਨਾਲ ਵਗ ਰਹੇ ਛੇਵੇਂ ਨਸ਼ਿਆਂ ਦੇ ਦਰਿਆ ਨਾਲ ਵੀ ਜਾਣਿਆ ਜਾ ਰਿਹਾ ਹੈ। ਜਿਸ ਦੀ ਵਜ੍ਹਾ ਨੌਜਵਾਨਾਂ 'ਚ ਵਧ ਰਿਹੈ ਵੱਖ-ਵੱਖ ਪ੍ਰਕਾਰ ਦੇ ਨਸ਼ਿਆਂ ਦਾ ਰੁਝਾਨ ਜਿਸ ਵਿਚ ਭੰਗ, ਅਫੀਮ, ਡੋਡੇ, ਸ਼ਰਾਬ, ਭੁੱਕੀ ਅਦਿ ਤੋਂ ਇਲਾਵਾ ਅੱਜ ਕੱਲ ਨਸ਼ਿਆਂ ਦੇ ਕਈ ਨਵੇਂ ਰੂਪ ਸਾਹਮਣੇ ਆ ਰਹੇ ਜਿਵੇਂ ਕਿ ਬਰਾਊਨ ਸ਼ੁਗਰ, ਚਰਸ, ਕੱਚੀ ਅਫੀਮ, ਮਾਰਫੀਨ ਦੇ ਟੀਕੇ, ਕੈਪਸੂਲ, ਗੋਲੀਆਂ, ਸਮੇਕ ਹੈਰੋਇਨ ਤੇ ਮੈਡੀਕਲ ਆਦਿ ਨਸ਼ੇ ਸ਼ਾਮਲ ਹਨ। ਜਿਹੜੇ ਰਾਜਨੇਤਾ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਦੂਰ ਰਹਿਣ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੱਡੇ ਵੱਡੇ ਭਾਸ਼ਨ ਦਿੰਦੇ ਹਨ, ਉਹੀ ਰਾਜਨੇਤਾ ਚੋਣਾ ਮੌਕੇ ਵੋਟਾਂ ਬਟੋਰਨ ਲਈ ਜ਼ਹਿਰੀਲੀ ਸ਼ਰਾਬ ਸਮੇਤ ਹੋਰ ਨਸ਼ੇ ਲੋਕਾਂ ਵਿਚ ਵੱਧ ਚੜਕੇ ਵੰਡਦੇ ਹਨ, ਜਿਸ ਨਾਲ ਅਨੇਕਾ ਲੋਕ ਮੌਤ ਨੂੰ ਪਿਆਰੇ ਵੀ ਹੋ ਜਾਂਦੇ ਹਨ।

ਬੇਰੋਜ਼ਗਾਰੀ ਵੀ ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ਦਾ ਇਕ ਵੱਡਾ ਕਾਰਨ
ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਦਾ ਇਕ ਵੱਡਾ ਕਾਰਨ ਬੇਰੋਜ਼ਗਾਰੀ ਵੀ ਸਮਝਿਆ ਜਾਂਦਾ ਹੈ ਖਾਸ ਕਰਕੇ ਪੜ੍ਹਿਆ-ਲਿਖਿਆ ਨੌਜਵਾਨਾਂ ਦਾ ਇਕ ਵਰਗ ਆਪਣੀਆਂ ਆਸਾਂ ਦੀ ਪੂਰਤੀ ਨਾ ਹੋ ਸਕਣ ਕਾਰਨ ਨਸ਼ਿਆਂ ਦੀ ਲਪੇਟ ਵਿਚ ਆ ਜਾਂਦਾ ਹੈ। ਨੌਜਵਾਨ ਵਰਗ ਰੁਜ਼ਗਾਰ ਦੇ ਵਸੀਲਿਆਂ ਦੀ ਅਣਹੋਦ ਕਾਰਨ ਵਿਹਲੇਪਣ ਤੋਂ ਅੱਕਿਆ ਅਤੇ ਆਪਣੇ ਭਵਿੱਖ ਪ੍ਰਤੀ ਨਿਰਾਸ਼ ਹੋ ਕੇ ਨਸ਼ਿਆਂ ਦੇ ਜਾਲ ਵਿਚ ਫਸ ਰਿਹਾ ਹੈ। ਨੌਜਵਾਨ ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਵੀ ਬਹੁਤ ਤੇਜ਼ੀ ਨਾਲ ਇਸ ਨਸ਼ੇ ਦੀ ਦਲਦਲ ਵਿਚ ਫਸਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਸਰਕਾਰਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸੋਮੇ ਪੈਦਾ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਕੋਈ ਨੌਜਵਾਨ ਬੇਰੋਜ਼ਗਾਰੀ ਤੋਂ ਦੁਖੀ ਹੋ ਕੇ ਨਸ਼ੇ ਦੀ ਲਪੇਟ ਵਿਚ ਨਾ ਆ ਸਕੇ।

ਨਸ਼ੇ ਖਿਲਾਫ ਸਰਕਾਰ ਵਲੋਂ ਚਲਾਈ ਜਾਂਦੀ ਮੁਹਿੰਮ ਦੀ ਲਪੇਟ ਵਿਚ ਫਸਦੀਆਂ ਹਨ ਛੋਟੀਆਂ ਮੱਛੀਆਂ
ਪੰਜਾਬ ਸਰਕਾਰ ਦੇ ਹੁਕਮਾਂ ਤੇ ਪੁਲਸ ਵਿਭਾਗ ਵਲੋਂ ਪੰਜਾਬ ਭਰ ਵਿਚ ਸਮੇਂ-ਸਮੇਂ ਤੇ ਚਲਾਈ ਜਾਂਦੀ ਨਸ਼ਿਆਂ ਖਿਲਾਫ ਮੁਹਿੰਮ ਮੌਕੇ ਕੀਤੀ ਜਾਂਦੀ ਕਾਰਵਾਈ ਵਿਚ ਜ਼ਿਆਦਾਤਰ ਛੋਟੀਆਂ ਮੱਛੀਆਂ ਹੀ ਫੱਸਦੀਆਂ ਹਨ ਕਿਉਂਕਿ ਜੋ ਵੱਡੇ ਮਗਰਮੱਛ ਹੁੰਦੇ ਹਨ ਉਹ ਆਪਣੇ ਸਿਆਸੀ ਤੇ ਪ੍ਰਸ਼ਾਸਨਿਕ ਅਸਰ ਰਸੂਖ ਨਾਲ ਬੱਚ ਨਿਕਲਦੇ ਹਨ, ਜਿਸ ਕਰਕੇ ਪੁਲਸ ਵਿਭਾਗ ਵਲੋਂ ਵੱਡੇ ਪੱਧਰ ਤੇ ਜੋ ਪਰਚੇ ਦਰਜ ਕੀਤੇ ਜਾਂਦੇ ਹਨ ਉਹ ਜ਼ਿਆਦਾਤਰ ਉਹੀ ਲੋਕ ਹੁੰਦੇ ਹਨ ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ ਜਾਂ ਫਿਰ ਆਪਣੇ ਨਸ਼ੇ ਦੀ ਪੂਰਤੀ ਲਈ ਦੂਜਿਆਂ ਨੂੰ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦੇ ਹਨ।  

ਕੀ 2022 'ਚ ਮੁੜ ਬਣੇਗਾ ਨਸ਼ਾ ਇਕ ਵਾਰ ਫਿਰ ਮੁੱਖ ਮੁੱਦਾ ਜਾਂ...?
ਨਸ਼ੇ ਨੂੰ ਮੁੱਦਾ ਬਣਾ ਕੇ ਨਸ਼ਾ ਖਤਮ ਕਰਨ ਦਾ ਵਾਅਦਾ ਤਾਂ ਅਕਸਰ ਹਰ ਸਿਆਸੀ ਪਾਰਟੀ ਵਲੋਂ ਪੰਜਾਬ ਦੀ ਜਨਤਾ ਨਾਲ ਕੀਤਾ ਜਾਂਦਾ ਹੈ ਪਰ ਦੇਖਣਾ ਇਹ ਹੋਵੇਗਾ ਕਿ ਕੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਪ੍ਰਾਪਤ ਕਰਨ ਦੀ ਮਨ ਵਿਚ ਲਾਲਸਾ ਲੈ ਕੇ ਬੈਠੀ ਸਭ ਤੋਂ ਕਾਹਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਸ਼ੇ ਨੂੰ ਮੁਖ ਮੁੱਦਾ/ਆਧਾਰ ਬਣਾਉਂਦਾ ਹੈ ਜਾਂ ਫਿਰ ਕੋਈ ਨਵਾਂ ਢਕੋਂਸਲਾ ਲੱਭ ਕੇ ਪੰਜਾਬ ਦੀ ਜਨਤਾ ਅੱਗੇ ਰੱਖਦੇ ਹੋਏ ਕੈਪਟਨ ਸਰਕਾਰ ਵਿਰੁੱਧ ਆਪਣੇ ਦਾਅ-ਪੇਚ ਅਜਮਾਉਂਦੀ ਹੈ। ਫਿਲਹਾਲ ਇਸ ਸਭ ਨੂੰ ਸਾਡੇ ਲਈ ਸਮੇਂ 'ਤੇ ਹੀ ਛੱਡ ਦੇਣਾ ਬਿਹਤਰ ਹੋਵੇਗਾ।


Shyna

Content Editor

Related News