ਪ੍ਰਸ਼ਾਸਨ ਦੇ ਨੱਕ ਹੇਠ ਨਸ਼ਿਆਂ ਦਾ ਵਗ ਰਿਹੈ ਦਰਿਆ

12/03/2017 12:23:08 AM

ਮੰਡੀ ਘੁਬਾਇਆ(ਕੁਲਵੰਤ)-ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਸ਼ਿਆਂ 'ਤੇ ਠੱਲ੍ਹ ਪਾਉਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ ਪਰ ਸਰਹੱਦੀ ਖੇਤਰ 'ਚ ਦਿਨੋਂ-ਦਿਨ ਨਸ਼ਿਆਂ ਦਾ ਦਰਿਆ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲੈਂਦਾ ਜਾ ਰਿਹਾ ਹੈ। ਇਸ ਦੀ ਅੱਜ ਵੀ ਮਿਸਾਲ ਜਲਾਲਾਬਾਦ ਹਲਕੇ ਦੇ ਪਿੰਡਾਂ ਵਿਚ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਯੂਨੀਅਨ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਪੰਚਾਇਤ ਮੈਂਬਰ ਰਮੇਸ਼ ਸਿੰਘ ਨੇ ਸਰਕਾਰ ਦੀ ਨਿਖੇਧੀ ਕੀਤੀ।  ਪਿੰਡ ਹਜ਼ਾਰਾ ਰਾਮ ਸਿੰਘ ਤੋਂ ਰਮੇਸ਼ ਸਿੰਘ ਨੇ ਦੱਸਿਆ ਕਿ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਅਤੇ ਹੋਰਨਾਂ ਕਈ ਪਿੰਡਾਂ ਵਿਚ ਸ਼ਰੇਆਮ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਨਸ਼ੇ ਦੇ ਆਦੀ ਨਸ਼ਾ ਪੂਰਾ ਨਾ ਹੋਣ 'ਤੇ ਚੋਰੀਆਂ ਕਰ ਰਹੇ ਹਨ। ਪੰਜਾਬ 'ਚ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਨੇ ਸਹੁੰ ਚੁੱਕੀ ਸੀ ਕਿ ਮੈਂ ਚਾਰ ਹਫਤਿਆਂ ਦੇ ਅੰਦਰ-ਅੰਦਰ ਸਾਰਾ ਨਸ਼ਾ ਬੰਦ ਕਰਵਾ ਦੇਵਾਂਗਾ ਪਰ ਨਸ਼ਾ ਬੰਦ ਤਾਂ ਕੀ ਹੋਣਾ ਸੀ, ਉਸ ਤੋਂ ਦੁੱਗਣਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵੀ ਸਾਡੇ ਪਿੰਡਾਂ 'ਚ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਨ੍ਹਾਂ ਬਾਰੇ ਸਾਨੂੰ ਪਤਾ ਲੱਗਣ 'ਤੇ ਅਸੀਂ ਕਈ ਵਾਰ ਇੰਟੈਲੀਜੈਂਸ ਅਤੇ ਪੁਲਸ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਉਨ੍ਹਾਂ ਨੂੰ ਫੜਨ ਲਈ ਪੂਰਾ ਕੋਈ ਨਹੀਂ ਉਤਰਦਾ, ਜਿਸ ਕਰ ਕੇ ਉਹ ਨਸ਼ੱਈ ਲੋਕ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਸਰਹੱਦੀ ਪਿੰਡਾਂ ਵਿਚ ਨੌਜਵਾਨ ਚਿੱਟੇ ਦੇ ਟੀਕੇ, ਭੁੱਕੀ ਵਰਗੇ ਹੋਰ ਕਈ ਨਸ਼ੇ ਕਰਦੇ ਵੇਖੇ ਜਾਂਦੇ ਹਨ ਪਰ ਸਰਕਾਰ ਇਨ੍ਹਾਂ ਨਸ਼ਿਆਂ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਤੋਂ ਅਸਮਰਥ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਨਸ਼ਿਆਂ 'ਤੇ ਠੱਲ੍ਹ ਪਾਵੇ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਹਟ ਕੇ ਵਧੀਆ ਪਾਸੇ ਲੱਗੇ। 
ਕੀ ਕਹਿੰਦੇ ਨੇ ਡੀ. ਐੱਸ. ਪੀ.
ਜਦੋਂ ਪੱਤਰਕਾਰਾਂ ਨੇ ਡੀ. ਐੱਸ. ਪੀ. ਜਲਾਲਾਬਾਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਮੇਰੇ ਧਿਆਨ 'ਚ ਗੱਲ ਨਹੀਂ ਪਹੁੰਚੀ ਪਰ ਜੇ ਕਿਸੇ ਵੀ ਸਾਡੇ ਪੁਲਸ ਮੁਲਾਜ਼ਮ ਨੇ ਕਿਸੇ ਨਸ਼ੇ ਵੇਚਣ ਜਾਂ ਕਰਨ ਵਾਲੇ ਨੂੰ ਛੱਡਿਆ ਹੈ ਤਾਂ ਮੈਨੂੰ ਦਫਤਰ ਆ ਕੇ ਦੱਸਣ, ਉਸ ਦਾ ਨਾਂ ਗੁਪਤ ਰੱਖ ਕੇ ਛੱਡਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਫਿਰ ਵੀ ਹੁਣ ਅਸੀਂ ਅੱਗੇ ਤੋਂ ਪੂਰਾ ਧਿਆਨ ਰੱਖਾਂਗੇ। 


Related News