ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਨੇ ਸੰਭਾਲਿਆ ਡਰੱਗਜ਼ ਦਾ ਕਾਰੋਬਾਰ, ਹੈਰੋਇਨ ਸਣੇ ਕਾਬੂ

07/03/2018 6:47:44 AM

ਜਲੰਧਰ, (ਵਰੁਣ)- ਪਤੀ ਦੇ ਜੇਲ ਜਾਣ ਤੋਂ ਬਾਅਦ ਪਤੀ ਦਾ ਡਰੱਗਜ਼ ਦਾ ਕਾਰੋਬਾਰ ਸੰਭਾਲਣ ਵਾਲੀ ਲੇਡੀ ਸਮੱਗਲਰ ਨੂੰ ਰੂਰਲ ਪੁਲਸ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਲੇਡੀ ਸਮੱਗਲਰ ਕੋਲੋਂ 100 ਗਰਾਮ ਹੈਰੋਇਨ, ਡਿਜੀਟਲ ਕੰਡਾ, 20 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਪਫ ਬਣਾਉਣ ਵਾਲੇ ਲਿਫਾਫੇ ਮਿਲੇ ਹਨ। ਲੇਡੀ ਸਮੱਗਲਰ ਹੈਰੋਇਨ ਦੇ ਪਫ ਬਣਾ ਕੇ ਨਸ਼ੇੜੀਆਂ ਨੂੰ ਵੇਚਦੀ ਸੀ। ਮੁਲਜ਼ਮ ਔਰਤ ਦੀ ਪਛਾਣ ਮਹਿੰਦਰ ਕੌਰ ਪਤਨੀ ਅਮੀਰ ਸਿੰਘ  ਧਰਮਾ ਦੀਆਂ ਛੰਨਾ ਮਹਿਤਪੁਰ ਦੇ ਤੌਰ 'ਤੇ ਹੋਈ ਹੈ। 
ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਪੁਲਸ ਅਮੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਹੈ। ਉਹ ਕਾਫੀ ਬਦਨਾਮ ਸਮੱਗਲਰ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਨੇ ਖੁਦ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਗੁਪਤ ਸੂਚਨਾ 'ਤੇ ਉਮਰੇਵਾਲੀ ਇਲਾਕੇ ਵਿਚ ਰੇਡ ਕਰਕੇ ਮਹਿੰਦਰ ਕੌਰ ਨੂੰ ਕਾਬੂ ਕਰ ਲਿਆ।
ਪੁਲਸ ਨੂੰ ਮੌਕੇ 'ਤੇ 100 ਗਰਾਮ ਹੈਰੋਇਨ, ਡਿਜੀਟਲ ਕੰਡਾ ਤੇ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮਹਿੰਦਰ ਕੌਰ ਪਿੰਡ ਦੀ ਰਹਿਣ ਵਾਲੀ ਸਮਿਤਰਾ ਬਾਈ ਪਤਨੀ ਕੁਲਦੀਪ ਸਿੰਘ ਕੋਲੋਂ ਹੈਰੋਇਨ ਖਰੀਦ ਕੇ ਪੱਫ ਬਣਾ ਕੇ ਦੋ ਸੌ, ਤਿੰਨ ਸੌ ਤੇ ਪੰਜ ਸੌ ਵਿਚ ਵੇਚਦੀ ਸੀ। ਸੁਮਿੱਤਰਾ, ਭੁਪਿੰਦਰ ਕੌਰ ਨੂੰ 1800 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਵੇਚਦੀ ਸੀ। ਇੰਸ. ਸ਼ਿਵ ਕੁਮਾਰ ਨੇ ਕਿਹਾ ਕਿ ਮੁਲਜ਼ਮ ਔਰਤ ਨੂੰ ਰਿਮਾਂਡ 'ਤੇ ਲਿਆ ਗਿਆ। ਜੇਕਰ ਇਸ ਵਿਚ ਔਰਤ ਦੇ ਪਤੀ ਦਾ ਵੀ ਲਿੰਕ ਨਿਕਲਦਾ ਹੈ ਤਾਂ ਉਸਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਔਰਤ ਦੇ ਖਿਲਾਫ ਲੁਧਿਆਣਾ ਵਿਚ ਵੀ ਨਸ਼ਾ ਵੇਚਣ ਦਾ ਕੇਸ ਦਰਜ ਹੈ।


Related News