ਅਹਿਮ ਖ਼ਬਰ : ਪੰਜਾਬ ''ਚ ਹੁਣ ''ਡਰੱਗ ਸਟੋਰ'' ਲਈ ਅਪਲਾਈ ਕਰ ਸਕਣਗੇ ''ਰਜਿਸਟਰਡ ਫਾਰਮਾਸਿਸਟ''

Saturday, Mar 13, 2021 - 10:09 AM (IST)

ਅਹਿਮ ਖ਼ਬਰ : ਪੰਜਾਬ ''ਚ ਹੁਣ ''ਡਰੱਗ ਸਟੋਰ'' ਲਈ ਅਪਲਾਈ ਕਰ ਸਕਣਗੇ ''ਰਜਿਸਟਰਡ ਫਾਰਮਾਸਿਸਟ''

ਚੰਡੀਗੜ੍ਹ (ਰਮਨਜੀਤ) : ਸੂਬੇ ਵਿੱਚ ਬੇਰੁਜ਼ਗਾਰ ਰਜਿਸਟਰਡ ਫਾਰਮਾਸਿਸਟਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਰੱਗ ਲਾਈਸੈਂਸਾਂ ਦੀ ਮਨਜ਼ੂਰੀ ਦੇਣ ਸਬੰਧੀ ਨੀਤੀ ਵਿਚ ਤਬਦੀਲੀਆਂ ਕਰ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਿਰਧਾਰਿਤ ਤਜ਼ਰਬਾ ਰੱਖਣ ਵਾਲੇ ਰਜਿਸਟਰਡ ਫਾਰਮਾਸਿਸਟ ਹੁਣ ਸੋਧੀ ਹੋਈ ਨੀਤੀ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਲਈ ਡਰੱਗ ਲਾਈਸੈਂਸ ਦੀ ਮਨਜ਼ੂਰੀ ਵਾਸਤੇ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ 'ਮਾਂ'  

ਇਸ ਤੋਂ ਇਲਾਵਾ ਵੈਟਰਨਰੀ ਡਰੱਗਜ਼, ਮੈਡੀਕਲ ਉਪਕਰਣਾਂ, ਡੈਂਟਲ ਮਟੀਰੀਅਲ, ਡਾਇਗਨੋਸਟਿਕ ਕਿੱਟਾਂ ਅਤੇ ਰੀਏਜੈਂਟਸ, ਇਮਪਲਾਂਟਸ, ਸਰਜੀਕਲ ਵਸਤਾਂ ਅਤੇ ਸੁਪਰ ਡਿਸਟ੍ਰੀਬਿਊਟਰਾਂ ਦੀ ਵਿਕਰੀ ਲਈ ਲਾਈਸੈਂਸਾਂ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਸਿੱਧੂ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਸ਼ਰਤ-ਵਿਧਾਨ ਵਿਚ ਤਬਦੀਲੀ ਕਰ ਕੇ ਡਰੱਗ ਲਾਈਸੈਂਸਾਂ ਦੀ ਮਨਜ਼ੂਰੀ ਲਈ ਕੁੱਝ ਵਿਸ਼ੇਸ਼ ਬਦਲਾਅ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਡਰੱਗ ਲਾਈਸੈਂਸਾਂ ਲਈ ਐਪਲੀਕੇਸ਼ਨਾਂ ਪੰਜਾਬ ਸਰਕਾਰ ਦੇ ਬਿਜ਼ਨੈੱਸ-ਫਸਟ ਪੋਰਟਲ ਦੇ ਸਿੰਗਲ ਵਿੰਡੋ ਸਿਸਟਮ ਰਾਹੀਂ ਆਨਲਾਈਨ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨਾਂ 'ਤੇ ਟੈਕਸ ਵਧਾਉਣ ਦੀਆਂ ਚਰਚਾਵਾਂ ਦਾ ਸੱਚ ਆਇਆ ਸਾਹਮਣੇ, ਸਰਕਾਰ ਨੇ ਕਹੀ ਇਹ ਗੱਲ

ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਡਰੱਗਜ਼ ਕੰਟਰੋਲ ਅਫ਼ਸਰਾਂ ਦੀ ਗਿਣਤੀ 60 ਤੱਕ ਵਧਾ ਕੇ ਐੱਫ. ਡੀ. ਏ. ਨੂੰ ਕਾਫ਼ੀ ਹੱਦ ਤੱਕ ਮਜ਼ਬੂਤ ਕੀਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਦਵਾਈਆਂ ਦੀ ਜਾਂਚ ਸਬੰਧੀ ਸਹੂਲਤਾਂ ਵਿਚ ਕਾਫ਼ੀ ਬਦਲਾਅ ਕੀਤੇ ਹਨ ਅਤੇ ਖਰੜ ਵਿਖੇ ਇੱਕ ਅਤਿ-ਆਧੁਨਿਕ ਡਰੱਗ ਟੈਸਟਿੰਗ ਲੈਬਾਰਟਰੀ ਸਥਾਪਿਤ ਕੀਤੀ ਹੈ, ਜੋ ਉੱਚ ਪੱਧਰੀ ਉਪਕਰਣਾਂ ਅਤੇ ਯੰਤਰਾਂ ਨਾਲ ਲੈਸ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਚੰਗੀ ਗੁਣਵੱਤਾ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ।

ਇਹ ਵੀ ਪੜ੍ਹੋ : ਨਵਾਂਗਰਾਓਂ ਤੋਂ 5 ਲੱਖ ਦਾ ਇਨਾਮੀ ਮੋਸਟ ਵਾਂਟੇਡ ਬਦਮਾਸ਼ ਸਾਥੀ ਸਮੇਤ ਗ੍ਰਿਫ਼ਤਾਰ

ਉਨ੍ਹਾਂ ਅੱਗੇ ਕਿਹਾ ਕਿ ਕੁੱਝ ਮਾਮਲਿਆਂ ਵਿਚ ਦਵਾਈਆਂ ਦੀ ਮੈਡੀਕਲ ਵਰਤੋਂ ਦੀ ਲੋੜ ਨੂੰ ਸਮਝਦਿਆਂ ਛੋਟ ਦਿੱਤੀ ਗਈ ਹੈ ਅਤੇ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸਖ਼ਤ ਕੰਟਰੋਲ ਰੱਖਣ ਲਈ 08 ਕਿਸਮਾਂ ਦੀਆਂ ਦਵਾਈਆਂ ਜਿਵੇਂ ਕੋਡੀਨ, ਡੈਕਸਟ੍ਰੋਪ੍ਰੋਪੋਕਸੀਫੇਨ, ਡਾਈਫੈਨੋਕਜਾਈਲੇਟ, ਨਾਈਟਰਾਜੀਪਮ, ਬੁਪਰੀਨੌਰਫਾਈਨ, ਪੈਂਟਾਜੋਸੀਨ ਅਤੇ ਟ੍ਰਾਮਾਡੋਲ ਅਤੇ ਟੇਪੈਂਟਾਡੋਲ ਦੇ ਭੰਡਾਰ ’ਤੇ ਵੀ ਪਾਬੰਦੀ ਲਗਾਈ ਗਈ ਹੈ।  
ਨੋਟ : ਪੰਜਾਬ ਸਰਕਾਰ ਦੇ ਉਕਤ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News