ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆ ਕੇ ਫਿਰ ਕਰਨ ਲੱਗਾ ਨਸ਼ਾ ਤਸਕਰੀ, ਕਾਬੂ
Monday, Sep 11, 2023 - 03:38 PM (IST)

ਲੁਧਿਆਣਾ (ਬੇਰੀ) : ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਨੌਜਵਾਨ ਫਿਰ ਤੋਂ ਨਸ਼ਾ ਤਸਕਰੀ ਕਰਨ ਲੱਗ ਗਿਆ, ਜਿਸ ਨੂੰ ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਨੇ ਉਸ ਸਮੇਂ ਕਾਬੂ ਕੀਤਾ। ਉਹ ਨਸ਼ੇ ਦੀ ਸਪਲਾਈ ਦੇਣ ਜਾ ਰਿਹਾ ਸੀ। ਮੁਲਜ਼ਮ ਹੈਬੋਵਾਲ ਦਾ ਰਹਿਣ ਵਾਲਾ ਗੁਰਮੀਤ ਉਰਫ਼ ਲੱਕੀ ਹੈ। ਉਸ ਦੇ ਕਬਜ਼ੇ ’ਚੋਂ 170 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਥਾਣਾ ਹੈਬੋਵਾਲ ’ਚ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ, ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇੰਸ. ਅੰਮ੍ਰਿਤਪਾਲ ਗਰੇਵਾਲ ਦੀ ਅਗਵਾਈ ’ਚ ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਨੇ ਇਲਾਕੇ ’ਚ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ, ਜਿਸ ’ਤੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਦਬੋਚ ਲਿਆ ਗਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਬਰਾਮਦ ਹੋਈ। ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਇਆ ਹੈ ਅਤੇ ਫਿਰ ਤੋਂ ਨਸ਼ਾ ਤਸਕਰੀ ਕਰਨ ਲੱਗ ਪਿਆ।
ਇਸ ਤੋਂ ਇਲਾਵਾ ਮੁਲਜ਼ਮ ਦਾ ਭਰਾ ਵੀ ਨਸ਼ਾ ਤਸਕਰੀ ਕਰਦਾ ਹੈ, ਜੋ ਕਿ ਇਸ ਸਮੇਂ ਪੈਰੋਲ ’ਤੇ ਬਾਹਰ ਆਇਆ ਹੈ। ਪੁਲਸ ਉਸ ਦੀ ਵੀ ਜਾਂਚ ਕਰ ਰਹੀ ਹੈ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ। ਪੁਲਸ ਦਾ ਕਹਿਣਾਂ ਹੈ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।