ਨਸ਼ਾ ਸਮੱਗਲਰਾਂ ਦੀ ਭਾਲ ’ਚ ਪੁਲਸ ਨੇ ਚਲਾਇਆ ਦੇਰ ਰਾਤ ਸਰਚ ਅਾਪ੍ਰੇਸ਼ਨ
Monday, Jul 30, 2018 - 01:47 AM (IST)

ਅੰਮ੍ਰਿਤਸਰ, (ਅਰੁਣ)- ਨਸ਼ਾ ਸਮੱਗਲਰਾਂ ਨੂੰ ਨਕੇਲ ਪਾਉਣ ਤੋਂ ਇਲਾਵਾ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਸ਼ੱਕੀ ਵਿਅਕਤੀਆਂ ਦੀ ਭਾਲ ’ਚ ਥਾਣਾ ਛੇਹਰਟਾ ਦੀ ਪੁਲਸ ਵੱਲੋਂ ਬੀਤੀ ਦੇਰ ਰਾਤ ਸਰਚ ਅਭਿਆਨ ਚਲਾਇਆ ਗਿਆ। ਤੜਕੇ 3 ਵਜੇ ਚਲਾਏ ਗਏ ਇਸ ਸਰਚ ਅਭਿਆਨ ’ਚ ਥਾਣਾ ਛੇਹਰਟਾ ਤੇ ਕੰਟੋਨਮੈਂਟ ਦੀ ਪੁਲਸ ਤੋਂ ਇਲਾਵਾ ਵੱਖ-ਵੱਖ ਸਟਾਫ ਤੇ ਪੁਲਸ ਲਾਈਨ ਤੋਂ ਬੁਲਾਏ ਗਏ ਕਰੀਬ 150 ਪੁਲਸ ਮੁਲਾਜ਼ਮਾਂ ਨੇ ਖੰਡਵਾਲਾ, ਧੱਕਾ ਕਾਲੋਨੀ ਤੇ ਕਾਲੇ ਰੋਡ ਸਮੇਤ ਹੋਰ ਕਈ ਸ਼ੱਕੀ ਇਲਾਕਿਆਂ ਨੂੰ ਬਾਰੀਕੀ ਨਾਲ ਖੰਗਾਲਿਆ।
ਨਾਕਾਬੰਦੀ ਕਰ ਕੇ ਪਹਿਲਾਂ ਕੀਤੇ ਇਲਾਕੇ ਸੀਲ : ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਕਮਿਸ਼ਨਰ ਪੁਲਸ ਐੱਸ. ਐੱਸ. ਸ਼੍ਰੀਵਾਸਤਵ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਨਸ਼ਾ ਸਮੱਗਲਰਾਂ ਵੱਲੋਂ ਦੇਰ ਰਾਤ ਕੀਤੀ ਜਾਣ ਵਾਲੀ ਨਸ਼ਿਆਂ ਦੀ ਢੋਆ-ਢੁਆਈ ਸਬੰਧੀ ਮਿਲੀ ਇਤਲਾਹ ਦੇ ਅਾਧਾਰ ’ਤੇ ਪੁਲਸ ਵੱਲੋਂ ਕੁਝ ਚੋਣਵੇਂ ਇਲਾਕਿਆਂ ’ਚ ਚਲਾਏ ਗਏ ਸਰਚ ਅਭਿਆਨ ਦੌਰਾਨ ਜਿਥੇ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਗਈ, ਉਥੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਮਗਰੋਂ ਬਾਰੀਕੀ ਨਾਲ ਖੰਗਾਲਿਆ ਗਿਆ।
ਨਾਜਾਇਜ਼ ਹਥਿਆਰ ਤੇ ਘਰਾਂ ’ਚ ਖਡ਼੍ਹੇ ਵਾਹਨਾਂ ਦੇ ਦਸਤਾਵੇਜ਼ ਕੀਤੇ ਚੈੱਕ : ਇੰਸਪੈਕਟਰ ਬਹਿਲ ਨੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਵੱਖ-ਵੱਖ ਅਪਰਾਧਿਕ ਮਾਮਲਿਆਂ ’ਚ ਭਗੌਡ਼ੇ ਚੱਲਦੇ ਆ ਰਹੇ ਮੁਲਜ਼ਮਾਂ ਦੀ ਭਾਲ ਤੋਂ ਇਲਾਵਾ ਲੋਕਾਂ ਦੇ ਘਰਾਂ ਵਿਚ ਪਏ ਹਥਿਆਰਾਂ ਦੀ ਦਸਤਾਵੇਜ਼ੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਲੋਕਾਂ ਦੇ ਘਰਾਂ ’ਚ ਖਡ਼੍ਹੇ ਵਾਹਨਾਂ ਦੇ ਨੰਬਰਾਂ ਨੂੰ ਐਪ ’ਤੇ ਪਾਉਣ ਮਗਰੋਂ ਅਸਲ ਮਾਲਕੀ ਨੂੰ ਘੋਖਿਆ। ਇੰਸਪੈਕਟਰ ਬਹਿਲ ਨੇ ਦੱਸਿਆ ਕਿ ਕਿਸੇ ਵੀ ਇਲਾਕੇ ਵਿਚ ਜਾਂਚ ਕਰਨ ਤੋਂ ਪਹਿਲਾਂ ਉਸ ਇਲਾਕੇ ਨੂੰ ਚਾਰੇ ਪਾਸਿਓਂ ਸੀਲ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਮੁਲਜ਼ਮ ਦੌਡ਼ਨ ਦੀ ਕੋਸ਼ਿਸ਼ ਨਾ ਕਰ ਸਕੇ।
4 ਘੰਟੇ ਚੱਲੇ ਅਾਪ੍ਰੇਸ਼ਨ ’ਚ ਨਹੀਂ ਹੱਥ ਲੱਗਾ ਕੋਈ ਨਸ਼ਾ ਸਮੱਗਲਰ : ਪੁਲਸ ਵੱਲੋਂ ਚਲਾਏ ਗਏ ਇਸ ਸਰਚ ਅਭਿਆਨ ਦੌਰਾਨ ਪੁਲਸ ਦੀਆਂ ਵੱਖ-ਵੱਖ ਟੁਕਡ਼ੀਆਂ ਵੱਲੋਂ ਕਰੀਬ 4 ਘੰਟੇ ਬਾਰੀਕੀ ਨਾਲ ਜਾਂਚ ਕੀਤਾ ਗਈ ਪਰ ਕੋਈ ਵੀ ਨਸ਼ਾ ਸਮੱਗਲਰ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
ਅਪਰਾਧੀ ਨਹੀਂ, ਅਪਰਾਧ ਨੂੰ ਖਤਮ ਕਰਨਾ ਹੈ ਮੁੱਖ ਮੰਤਵ : ਪ੍ਰੈੱਸ ਨਾਲ ਗੱਲਬਾਤ ਕਰਦਿਆਂ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਚਲਾਏ ਗਏ ਇਸ ਸਰਚ ਅਭਿਆਨ ਦਾ ਮੁੱਖ ਮੰਤਵ ਅਪਰਾਧ ਨੂੰ ਜਡ਼੍ਹੋਂ ਖਤਮ ਕਰਨਾ ਹੈ, ਨਾ ਕਿ ਅਪਰਾਧੀ ਨੂੰ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰਵਾਂ ਸਹਿਯੋਗ ਪੁਲਸ ਦੇ ਮਨੋਰਥ ਨੂੰ ਕਾਮਯਾਬ ਬਣਾਉਣ ’ਚ ਰਾਮਬਾਣ ਸਿੱਧ ਹੋਵੇਗਾ।