ਸੀ. ਆਈ. ਏ. ਸਟਾਫ ਵਲੋਂ ਡਰੱਗਜ਼ ਸਮੱਗਲਰ ਗ੍ਰਿਫਤਾਰ
Tuesday, Oct 01, 2019 - 01:38 AM (IST)

ਖਰੜ,(ਸ਼ਸ਼ੀ, ਰਣਬੀਰ, ਅਮਰਦੀਪ): ਸੀ. ਆਈ. ਏ. ਸਟਾਫ਼ ਖਰੜ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਨੇ ਇਸ ਇਲਾਕੇ 'ਚ ਸਰਗਰਮ ਇਕ ਡਰੱਗ ਸਮੱਗਲਰ ਧਰਮਵੀਰ ਉਰਫ ਭੋਲਾ ਨੂੰ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਅਸਲੇ ਸਮੇਤ ਰੰਗ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਰੀ ਪ੍ਰੈੱਸ ਨੋਟ ਅਨੁਸਾਰ ਉਕਤ ਮੁਲਜ਼ਮ ਇਕ ਵੱਡਾ ਡਰੱਗ ਸਮੱਗਲਰ ਹੈ, ਜਿਸ ਨੇ ਆਪਣੇ ਡਰੱਗ ਸਮੱਗਲਿੰਗ ਦੇ ਨੈੱਟਵਰਕ ਟ੍ਰਾਈਸਿਟੀ ਏਰੀਏ 'ਚ ਚਲਾਇਆ ਹੋਇਆ ਹੈ। ਉਸ ਦੇ ਨਿਸ਼ਾਨੇ 'ਤੇ ਯੂਨੀਵਰਿਸਟੀ ਤੇ ਕਾਲਜਾਂ ਦੇ ਨਵੇਂ ਵਿਦਿਆਰਥੀ ਰਹਿੰਦੇ ਹਨ ਤੇ ਉਹ ਖੁਦ ਇਨ੍ਹਾਂ ਸਿੱਖਿਅਕ ਅਦਾਰਿਆਂ ਦੇ ਨੇੜੇ-ਤੇੜੇ ਸਰਗਰਮ ਰਹਿੰਦਾ ਹੈ। ਉਹ ਨਵੇਂ ਆਏ ਵਿਦਿਆਰਥੀਆਂ ਨੂੰ ਨਸ਼ੇ ਦਾ ਗੁਲਾਮ ਬਣਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਜਿਵੇਂ ਕਿ ਅਫੀਮ, ਸਮੈਕ, ਹੈਰਿਨ, ਨਸ਼ੀਲੇ ਟੀਕੇ ਸਪਲਾਈ ਕਰਦਾ ਹੈ। ਉਹ ਆਪਣੇ ਪਸ਼ੂਆਂ ਵਾਲਾ ਘਰ ਉਕਤ ਪਦਾਰਥਾਂ ਨੂੰ ਰੱਖਣ ਲਈ ਇਸਤੇਮਾਲ ਕਰਦਾ ਹੈ। ਸਮੱਗਲਿੰਗ ਲਈ ਆਪਣੀ ਸਕਾਰਪੀਓ ਗੱਡੀ ਦੀ ਵਰਤੋਂ ਕਰਦਾ ਹੈ। ਉਸ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਪ੍ਰੈੱਸ ਨੋਟ ਅਨੁਸਾਰ ਸੀ. ਆਈ. ਏ. ਸਟਾਫ਼ ਨੂੰ ਇਹ ਇਤਲਾਹ ਮਿਲੀ ਸੀ ਕਿ ਜੇ ਉਸ 'ਤੇ ਰੇਡ ਕੀਤਾ ਜਾਵੇ ਤਾਂ ਉਸ ਦੇ ਕਬਜ਼ੇ 'ਚੋਂ ਕਾਫੀ ਨਸ਼ੀਲੇ ਪਦਾਰਥ ਮਿਲ ਸਕਦੇ ਹਨ। ਪੁਲਸ ਨੇ ਉਸ ਦੀ ਸਕਾਰਪੀਓ ਗੱਡੀ 'ਚੋਂ 28 ਨਸ਼ੀਲੇ ਟੀਕੇ ਵੁਪਰੋਫੀਨ, 28 ਨਸ਼ੀਲੇ ਟੀਕੇ ਏਵਲ, 35 ਗ੍ਰਾਮ ਹੈਰੋਇਨ ਤੇ ਇਕ 32 ਬੋਰ ਦਾ ਨਾਜਾਇਜ਼ ਪਿਸਤੌਲ, 2 ਜ਼ਿੰਦਾ ਕਾਰਤੂਸ ਸਮੇਤ ਬਰਾਮਦ ਹੋਏ। ਪੁਲਸ ਨੇ ਉਸ ਵਿਰੁੱਧ ਕੁਰਾਲੀ ਸਦਰ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਸੀ। ਉਸ ਨੂੰ ਖਰੜ ਦੀ ਅਦਾਲਤ 'ਚ ਪੇਸ਼ ਕਰਕੇ ਉਸ ਦਾ 2 ਦਿਨਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਜਿਸ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਆਸ ਹੈ।