ਔਰਤ ਸਮੇਤ ਅੰਤਰਰਾਜੀ ਨਸ਼ਾ ਸਮੱਗਲਰ ਗਿਰੋਹ ਦੇ 4 ਮੈਂਬਰ ਅੜਿੱਕੇ

11/20/2017 2:54:05 AM

ਹੁਸ਼ਿਆਰਪੁਰ, (ਜ.ਬ.)- ਜ਼ਿਲਾ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਵੱਡੇ ਪੱਧਰ 'ਤੇ ਨਸ਼ੇ ਦਾ ਧੰਦਾ ਕਰਨ ਵਾਲੇ ਗਿਰੋਹ ਨਾਲ ਸਬੰਧਤ ਇਕ ਔਰਤ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਲਾਈਨ  'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਕੋਲੋਂ 1 ਪਿਸਤੌਲ, 5 ਜ਼ਿੰਦਾ ਕਾਰਤੂਸ ਅਤੇ 120 ਗ੍ਰਾਮ ਹੈਰੋਇਨ ਬਰਾਮਦ ਕੀਤੀ। ਗ੍ਰਿਫ਼ਤਾਰ ਦੋਸ਼ੀਆਂ 'ਚੋਂ ਇਕ ਨੂੰ ਕਤਲ ਦੇ ਮਾਮਲੇ 'ਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ ਪਰ ਉਹ ਇਸ ਸਮੇਂ ਜ਼ਮਾਨਤ 'ਤੇ ਬਾਹਰ ਨਿਕਲ ਕੇ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। 
ਇਸੇ ਤਰ੍ਹਾਂ ਦੋਸ਼ੀ ਔਰਤ ਖਿਲਾਫ਼ ਵੀ ਸਮੱਗਲਿੰਗ ਦਾ ਮਾਮਲਾ ਦਰਜ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਜ਼ਿਲੇ 'ਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਸੀ. ਆਈ. ਏ. ਸਟਾਫ਼ ਦੇ ਮੁਖੀ ਸੁਖਵਿੰਦਰ ਸਿੰਘ ਨੇ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਧੋਬੀਘਾਟ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਐਕਟਿਵਾ ਜਿਸ 'ਤੇ ਇਕ ਔਰਤ ਤੇ ਦੋ ਨੌਜਵਾਨ ਸਵਾਰ ਸਨ, ਉੱਥੋਂ ਬਹੁਤ ਤੇਜ਼ੀ ਨਾਲ ਲੰਘੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਪਛਾਣ ਬਲਜੀਤ ਸਿੰਘ ਉਰਫ ਬੱਲੀ ਵਾਸੀ ਉਗਰੇਵਾਲ ਜ਼ਿਲਾ ਗੁਰਦਾਸਪੁਰ, ਗਗਨਦੀਪ ਉਰਫ ਗਗਨ ਵਾਸੀ ਜੈਤੋ (ਜ਼ਿਲਾ ਫਰੀਦਕੋਟ), ਮਨੀਸ਼ਾ ਉਰਫ  ਗੋਰੀ ਵਾਸੀ ਖਜੂਰਲਾ ਦੇ ਤੌਰ 'ਤੇ ਹੋਈ। ਪੁਲਸ ਵੱਲੋਂ ਤਲਾਸ਼ੀ ਲੈਣ 'ਤੇ ਉਕਤ ਦੋਸ਼ੀਆਂ ਕੋਲੋਂ 100 ਗ੍ਰਾਮ ਹੈਰੋਇਨ, ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਹੈ। 
ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੂਜੀ ਸਫ਼ਲਤਾ ਉਸ ਸਮੇਂ ਮਿਲੀ, ਜਦੋਂ ਸੀ. ਆਈ. ਏ. ਸਟਾਫ਼ 'ਚ ਤਾਇਨਾਤ ਏ. ਐੱਸ. ਆਈ. ਸੁਰਜੀਤ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਨੇ ਖਾਨਪੁਰੀ ਗੇਟ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਚਾਲਕ ਮਨੀ ਮਹੇਸ਼ ਵਾਸੀ ਪਿੰਡ ਬੱਸੀ ਮੁੱਦਾ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਹੈ।
ਗਿਰੋਹ ਦੇ ਮੈਂਬਰਾਂ 'ਤੇ ਪੁਲਸ ਦੀ ਸੀ ਨਜ਼ਰ : ਇਕ ਸਵਾਲ ਦਾ ਜਵਾਬ ਦਿੰਦੇ ਹੋਏ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਕਮਰੇ ਕਿਰਾਏ 'ਤੇ ਲੈ ਰੱਖੇ ਸਨ। ਜਦੋਂ ਕਿਸੇ ਨੂੰ ਨਸ਼ੇ ਦੇ ਸਾਮਾਨ ਦੀ ਡਲਿਵਰੀ ਦੇਣੀ ਹੁੰਦੀ ਤਾਂ ਸਬੰਧਤ ਸਥਾਨ 'ਤੇ ਪਹੁੰਚ ਕੇ ਆਪਣੇ ਜਾਣਕਾਰਾਂ ਨਾਲ ਮਿਲ ਮੌਕੇ 'ਤੇ ਯੋਜਨਾ ਤਿਆਰ ਕਰ ਕੇ ਨਸ਼ਾ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਨਾਲ ਪੁਲਸ ਦੀ ਕਾਫ਼ੀ ਸਮੇਂ ਤੋਂ ਲੁਕਣਮੀਟੀ ਚੱਲ ਰਹੀ ਸੀ ਅਤੇ ਹੁਣ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀਆਂ ਤਾਰਾਂ ਕਿੱਥੇ ਜੁੜੀਆਂ  ਹਨ, ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ।


Related News