ਛੋਟੀਆਂ ਭੈਣਾਂ ਦੇ ਵਿਆਹ ਲਈ 'ਤਸਕਰ' ਬਣਿਆ ਭਰਾ, ਪੁਲਸ ਅੱਗੇ ਕਬੂਲ ਕੀਤਾ ਜ਼ੁਰਮ
Thursday, Jul 30, 2020 - 12:23 PM (IST)
ਲੁਧਿਆਣਾ : ਆਪਣੀਆਂ ਛੋਟੀਆਂ ਭੈਣਾਂ ਦੇ ਵਿਆਹ ਕਰਨ ਲਈ ਪੈਸ ਇਕੱਠਾ ਕਰਨ ਵਾਸਤੇ ਇਕ ਕੈਂਟਰ ਚਾਲਕ ਨਸ਼ਾ ਤਸਕਰ ਬਣ ਗਿਆ। ਉਹ ਇਥੋਂ 1795 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ’ਚੋਂ ਨਸ਼ੇ ਦੀ ਖੇਪ ਲੈ ਕੇ ਆਇਆ। ਇਸ ਤੋਂ ਪਹਿਲਾਂ ਉਹ ਇਸ ਦੀ ਸਪਲਾਈ ਕਰ ਪਾਉਂਦਾ, ਐਂਟੀ ਨਾਰਕੋਟਿਕਸ ਦੀ ਚੌਕਸੀ ਕਾਰਨ ਫੜ੍ਹਿਆ ਗਿਆ। ਪੁਲਸ ਨੇ ਉਸ ਦੇ ਕਬਜ਼ੇ ’ਚੋਂ ਨਸ਼ੇ ਦੀਆਂ 5,000 ਗੋਲੀਆਂ ਅਤੇ 3 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਜ਼ਾਲਮ ਨਾਨੀ ਦੇ ਤਸ਼ੱਦਦ ਦੀ ਇੰਤਹਾ, ਨੰਗੇ ਸਰੀਰ ਸੰਗਲ ਨਾਲ ਬੰਨ੍ਹ ਜਾਨਵਰਾਂ ਵਾਂਗ ਕੁੱਟਿਆ ਮਾਸੂਮ ਦੋਹਤਾ
ਮੁਲਜ਼ਮ ਦੀ ਪਛਾਣ 28 ਸਾਲਾ ਰਾਜਵਿੰਦਰ ਸਿੰਘ ਉਰਫ ਲਾਲੀ ਵਜੋਂ ਹੋਈ ਹੈ। ਉਹ ਜਗਰਾਓਂ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਕੋਠੇ ਜੀਵੇ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ਼ ਜੋਧੇਵਾਲ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੇ ਉਹ ਕੈਂਟਰ ਵੀ ਆਪਣੇ ਕਬਜ਼ੇ ’ਚ ਲੈ ਲਿਆ ਹੈ, ਜਿਸ 'ਚ ਨਸ਼ੇ ਦੀ ਤਸਕਰੀ ਕੀਤੀ ਗਈ ਸੀ। ਸੈੱਲ ਦੇ ਮੁਖੀ ਇੰਸ. ਜਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਮੰਗਲਵਾਰ ਨੂੰ ਨਵੀਂ ਸਬਜ਼ੀ ਮੰਡੀ ਦੇ ਕੋਲੋਂ ਕਾਬੂ ਕੀਤਾ ਗਿਆ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਲਾਲੀ ਵੈਸਟ ਬੰਗਾਲ ਤੋਂ ਅਨਾਨਾਸ ਫਲ ਦੀ ਆੜ ’ਚ ਅਫੀਮ ਦੀ ਬਹੁਤ ਵੱਡੀ ਖੇਪ ਲੈ ਕੇ ਆ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਬਾਅਦ ਹੁਣ 'ਪਟਿਆਲਾ' 'ਚ ਲਾਸ਼ਾਂ ਦੀ ਅਦਲਾ-ਬਦਲੀ, ਮਚੀ ਹਫੜਾ-ਦਫੜੀ
ਇਸ ’ਤੇ ਪੁਲਸ ਨੇ ਨਜ਼ਰ ਰੱਖੀ। ਜਿਉਂ ਹੀ ਮੁਲਜ਼ਮ ਲੁਧਿਆਣਾ ’ਚ ਦਾਖਲ ਹੋਇਆ, ਪੁਲਸ ਮੁਸਤੈਦ ਹੋ ਗਈ ਅਤੇ ਕਾਰਾਬਾਰਾ ਚੌਕ 'ਚ ਜ਼ਬਰਦਸਤ ਨਾਕਾਬੰਦੀ ਕੀਤੀ ਗਈ। ਜਿਉਂ ਹੀ ਉਹ ਮਾਲ ਅਨਲੋਡ ਕਰ ਕੇ ਉੱਥੋਂ ਨਿਕਲਿਆ, ਉਸ ਨੂੰ ਫੜ੍ਹ ਲਿਆ ਗਿਆ। ਜਗਜੀਤ ਨੇ ਦੱਸਿਆ ਕਿ ਜਾਂਚ ਲਈ ਉਨ੍ਹਾਂ ਨੇ ਡਾਗ ਸਕੁਐਡ ਦਾ ਦਸਤਾ ਵੀ ਮੌਕੇ ’ਤੇ ਬੁਲਾ ਰੱਖਿਆ ਸੀ ਪਰ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਟ੍ਰਾਮਾਡੋਲ ਦੀਆਂ 50-50 ਗੋਲੀਆਂ ਦੇ 100 ਪੱਤੇ ਅਤੇ 3 ਕਿਲੋ ਚੂਰਾ ਪੋਸਤ ਮਿਲਿਆ, ਜਿਸ ’ਤੇ ਉਸ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਹਿਰਾਸਤ 'ਚ ਲੈ ਕੇ ਕੈਂਟਰ ਜ਼ਬਤ ਕਰ ਲਿਆ ਗਿਆ ਅਤੇ ਪੁੱਛਗਿੱਛ ਲਈ ਥਾਣੇ ਲਿਆਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਅਪਰਾਧ ਕਬੂਲ ਕਰਦਿਆਂ ਦੱਸਿਆ ਕਿ ਕੰਮ 'ਚ ਮੰਦਾ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਉੱਪਰੋਂ ਉਸ ਦੀਆਂ 2 ਛੋਟੀਆਂ ਭੈਣਾਂ ਹਨ, ਜਿਨ੍ਹਾਂ ਦੇ ਵਿਆਹ ਦਾ ਜ਼ਿੰਮਾ ਵੀ ਉਸ ਦੇ ਸਿਰ ’ਤੇ ਹੈ। ਉਸ ਦੇ ਪਿਤਾ ਦਾ ਵੀ ਕੰਮ ਧੰਦਾ ਠੀਕ ਨਹੀਂ ਚੱਲ ਰਿਹਾ। ਭੈਣਾਂ ਦੇ ਵਿਆਹ ਅਤੇ ਆਰਥਿਕ ਹਾਲਤ ਸੁਧਾਰਨ ਲਈ ਉਸ ਨੂੰ ਪੈਸੇ ਦੀ ਲੋੜ ਸੀ। ਸੌਖੇ ਤਰੀਕੇ ਨਾਲ ਪੈਸਾ ਕਮਾਉਣ ਲਈ ਉਸ ਨੂੰ ਨਸ਼ਾ ਤਸਕਰੀ ਦਾ ਰਸਤਾ ਸੁਝਿਆ ਅਤੇ ਉਹ ਅਪਰਾਧ ਦੀ ਦਲ-ਦਲ 'ਚ ਧੱਸ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।