ਪੰਜਾਬ ਪੁਲਸ ਤੋਂ ਰਿਟਾਇਰਮੈਂਟ ਦੇ ਬਾਅਦ ਬਣਿਆ ਨਸ਼ਾ ਸਮੱਗਲਰ

09/03/2017 7:26:52 AM

ਜਲੰਧਰ/ਲੋਹੀਆਂ ਖਾਸ, (ਪ੍ਰੀਤ, ਮਨਜੀਤ)- ਜਲੰਧਰ ਦਿਹਾਤੀ ਪੁਲਸ ਦੀ ਨਸ਼ਾ ਵਿਰੋਧੀ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਥਾਣਾ ਲੋਹੀਆਂ ਦੀ ਪੁਲਸ ਨੇ ਹੈਰੋਇਨ, ਚੂਰਾ-ਪੋਸਤ ਸਮੱਗਲਿੰਗ ਵਿਚ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰੋਇਨ ਸਣੇ ਗ੍ਰਿਫਤਾਰ ਸਮੱਗਲਰ ਪੰਜਾਬ ਪੁਲਸ ਵਿਚੋਂ ਤਿੰਨ ਸਾਲ ਪਹਿਲਾਂ ਰਿਟਾਇਰ ਹੋਇਆ ਹੈ। 
ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਡੀ. ਐੱਸ. ਪੀ. ਦਿਲਬਾਗ ਸਿੰਘ ਦੀ ਅਗਵਾਈ ਵਿਚ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਤੇ ਏ. ਐੱਸ. ਆਈ. ਪਰਗਟ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਦਾਰੇਵਾਲ ਨੇੜੇ ਨਾਕਾਬੰਦੀ ਦੌਰਾਨ ਸਾਹਿਬ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੇਲਾ ਭਿੱਖੀਵਿੰਡ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 
ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਸਾਹਿਬ ਸਿੰਘ ਨੇ ਸਾਲ 1993 ਵਿਚ ਪੰਜਾਬ ਪੁਲਸ ਜੁਆਇਨ ਕੀਤੀ ਤੇ ਸਾਲ 2014 ਵਿਚ ਰਿਟਾਇਰਮੈਂਟ ਲੈ ਲਈ। ਇਸ ਤੋਂ ਬਾਅਦ ਉਹ ਪਿੰਡ ਵਿਚ ਖੇਤੀਬਾੜੀ ਕਰਨ ਲੱਗਾ ਤੇ ਨਸ਼ੇ ਦੀ ਬੁਰੀ ਆਦਤ ਵਿਚ ਫਸ ਗਿਆ। ਮੁਲਜ਼ਮ ਸਾਹਿਬ ਸਿੰਘ ਨੇ ਦੱਸਿਆ ਕਿ ਹੈਰੋਇਨ ਉਸ ਨੇ ਆਪਣੇ ਦੋਸਤ ਗੁਰਜੰਟ ਸਿੰਘ ਨਾਲ ਮਿਲ ਕੇ ਫਿਰੋਜ਼ਪੁਰ ਏਰੀਏ ਵਿਚੋਂ ਖਰੀਦੀ ਸੀ। ਉਹ ਨਸ਼ਾ ਕਰਨ ਦੇ ਨਾਲ-ਨਾਲ ਵੇਚਣ ਦਾ ਵੀ ਧੰਦਾ ਕਰਦਾ ਹੈ। ਮੁਲਜ਼ਮ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।


Related News