ਨਸ਼ਾ ਸਮੱਗਲਰਾਂ ਦੇ ਮੋਬਾਇਲ ਫੋਨਾਂ ਦਾ ਬੈਕਅਪ ਲੈਣ ਤੋਂ ਬਾਅਦ ਹੋਵੇਗਾ ਵੱਡਾ ਖੁਲਾਸਾ

02/21/2018 6:31:22 AM

ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਰੇਂਜ ਦੀ ਪੁਲਸ ਟੀਮ ਨੇ ਬੀਤੇ ਦਿਨੇ ਸਾਢੇ 7 ਕਰੋੜ ਦੀ ਡੇਢ ਕਿਲੋ ਹੈਰੋਇਨ ਸਮੇਤ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਅੱਜ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਸੁਰਜੀਤ ਸਿੰਘ ਅਤੇ ਗੁਰਜੰਟ ਸਿੰਘ ਤੋਂ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਸਰਪੰਚ ਨਿਰਮਲ ਸਿੰਘ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸ. ਟੀ. ਐੱਫ. ਦੀਆਂ ਕਈ ਟੀਮਾਂ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਜਲਦ ਹੀ ਪੁਲਸ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਹਿਮ ਖੁਲਾਸੇ ਕਰਨਗੀਆਂ। ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਤੋਂ ਬਰਾਮਦ ਮੋਬਾਇਲ ਫੋਨ ਦਾ ਬੈਕਅਪ ਲੈਣ ਲਈ ਫੋਨਾਂ ਦੀ ਟੈਕਨੀਕਲ ਯੂਨਿਟ ਨੂੰ ਮੁਹਾਲੀ ਭੇਜਿਆ ਗਿਆ ਹੈ ਤਾਂਕਿ ਪਤਾ ਲੱਗ ਸਕੇ ਉਨ੍ਹਾਂ ਫੋਨਾਂ ਤੋਂ ਕਿੱਥੇ-ਕਿੱਥੇ ਅਤੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮੈਸੇਜ 'ਤੇ ਫੋਨ ਕੀਤੇ ਗਏ ਹਨ? ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਇੰਨੀ ਵੱਡੀ ਖੇਪ ਕਿਨ੍ਹਾਂ ਵਿਅਕਤੀਆਂ ਤੋਂ ਲੈ ਕੇ ਆਏ ਹਨ? ਅਤੇ ਅੱਗੇ ਕਿਹੜੇ ਗਾਹਕਾਂ ਨੂੰ ਸਪਲਾਈ ਕਰਦੇ ਸਨ? ਇਸ ਸਬੰਧੀ ਵੀ ਪੁਲਸ ਜਲਦ ਖੁਲਾਸਾ ਕਰੇਗੀ।
ਗਾਇਕ ਸਮੱਗਲਰ ਦੇ ਸਬੰਧਾਂ ਦਾ ਵੀ ਪਤਾ ਲਾਇਆ ਜਾਵੇਗਾ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਪੰਜਾਬੀ ਗਾਇਕ ਗੁਰਜੰਟ ਸਿੰਘ ਸਬੰਧੀ ਵੀ ਐੱਸ. ਟੀ. ਐੱਫ. ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਗਾਇਕ ਦੇ ਸਬੰਧ ਕਿਸੇ ਹੋਰ ਗਾਹਕ ਦੇ ਨਾਲ ਸਮੱਗਲਿੰਗ ਵਿਚ ਤਾਂ ਸ਼ਾਮਲ ਨਹੀਂ ਹਨ? ਉਨ੍ਹਾਂ ਦੱਸਿਆ ਕਿ ਸਮੱਗਲਰਾਂ ਦੇ ਮੋਬਾਇਲ ਫੋਨਾਂ ਤੋਂ ਜੋ ਅਣਗਿਣਤ ਨਾਜਾਇਜ਼ ਹਥਿਆਰਾਂ ਦੀਆਂ ਫੋਟੋਆਂ ਅਤੇ ਵੀਡੀਓ ਮਿਲੀਆਂ ਹਨ, ਉਸ ਸਬੰਧੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਮੱਗਲਰਾਂ ਦੇ ਵਿਦੇਸ਼ਾਂ ਦੇ ਨੈੱਟਵਰਕ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।
ਐੱਸ. ਟੀ. ਐੱਫ. ਨੇ ਤੋੜੀ ਨਸ਼ੇ ਦੀ ਵੱਡੀ ਚੇਨ
ਐੱਸ. ਟੀ. ਐੱਫ. ਦੀ ਪੁਲਸ ਟੀਮ ਵੱਲੋਂ ਪਿਛਲੇ ਕਈ ਮਹੀਨਿਆਂ ਵਿਚ ਹੈਰੋਇਨ ਦੀ ਸਪਲਾਈ ਕਰਨ ਵਾਲੇ ਵੱਡੇ-ਵੱਡੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰਦੇ ਹੋਏ ਪੰਜਾਬ 'ਚ ਪਹੁੰਚਣ ਵਾਲੀ ਨਸ਼ੇ ਦੀ ਖੇਪ ਨੂੰ ਤੋੜਿਆ ਜਾ ਚੁੱਕਾ ਹੈ। ਇਸ ਨਾਲ ਜੰਮੂ, ਫਿਰੋਜ਼ਪੁਰ, ਅੰਮ੍ਰਿਤਸਰ, ਦਿੱਲੀ ਅਤੇ ਹਰਿਆਣਾ ਤੋਂ ਸਮੱਗਲਰ ਨਸ਼ੇ ਦੀ ਵੱਡੀ ਖੇਪ ਪੰਜਾਬ ਵਿਚ ਸਪਲਾਈ ਕਰਦੇ ਸਨ। ਇਸ ਵਾਰ ਵੀ ਪੁਲਸ ਵੱਲੋਂ ਜਿਨ੍ਹਾਂ ਸਮੱਗਲਰਾਂ ਨੂੰ ਫੜਿਆ ਹੈ, ਉਨ੍ਹਾਂ ਦੇ ਫੜੇ ਜਾਣ ਨਾਲ ਨਸ਼ੇ ਦੀ ਵੱਡੀ ਖੇਪ ਟੁੱਟ ਗਈ ਹੈ।


Related News