ਫਲਿਊਡ ਦਾ ਨਸ਼ਾ ਕਰ ਕੇ ਜ਼ਿੰਦਾ ਲਾਸ਼ ਬਣ ਰਿਹੈ ਬਚਪਨ

06/23/2017 6:57:14 AM

ਲੁਧਿਆਣਾ(ਖੁਰਾਣਾ)-ਇਕ ਪਾਸੇ ਜਿਥੇ ਕੈਪਟਨ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਛੇੜ ਕੇ ਨਾਮੀ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਦੇ ਪਿੱਛੇ ਧੱਕਣ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਰਕਾਰ ਦੇ ਦਾਅਵਿਆਂ ਦੇ ਉਲਟ ਦੇਸ਼ ਦਾ ਭਵਿੱਖ ਕਹਾਉਣ ਵਾਲੇ ਮਾਸੂਮ ਬੱਚੇ ਫਲਿਊੂਡ ਦਾ ਨਸ਼ੇ ਦੇ ਤੌਰ 'ਤੇ ਸੇਵਨ ਕਰ ਕੇ ਜ਼ਿੰਦਾ ਲਾਸ਼ ਬਣ ਕੇ ਮਹਾਨਗਰ ਦੀਆਂ ਸੜਕਾਂ 'ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਮਾਹਿਰਾਂ ਅਨੁਸਾਰ ਇਸ ਨਸ਼ੇ ਦੇ ਸੇਵਨ ਨਾਲ ਬੱਚਿਆਂ ਦਾ ਦਿਮਾਗ ਤੇਜ਼ੀ ਨਾਲ ਡੈੱਡ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 'ਜਗ ਬਾਣੀ' ਦੇ ਪ੍ਰਤੀਨਿਧੀ ਵੱਲੋਂ ਇਸ ਸਬੰਧੀ ਪੜਤਾਲ ਕਰਨ 'ਤੇ ਸਾਹਮਣੇ ਆਇਆ ਕਿ ਆਸਾਨੀ ਨਾਲ ਅਤੇ ਸਸਤੀ ਮਿਲਣ ਵਾਲੇ ਫਲਿਊੂਡ ਨੂੰ ਬੱਚੇ ਰੁਮਾਲ ਜਾਂ ਫਿਰ ਕਿਸੇ ਕੱਪੜੇ 'ਤੇ ਲਾ ਕੇ ਸੁੰਘਦੇ ਹਨ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਅਤੇ ਸੁੰਘਣ ਵਾਲੇ ਬੱਚਿਆਂ ਨੂੰ ਬੇਸੁੱਧ ਕਰ ਦਿੰਦਾ ਹੈ। ਇਹ ਨਸ਼ਾ ਕਰਨ ਤੋਂ ਬਾਅਦ ਬੱਚਿਆਂ ਦਾ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ ਅਤੇ ਦਿਮਾਗ 'ਚ ਮੋਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਬਾਅਦ ਇਹ ਬੱਚੇ ਟ੍ਰੈਫਿਕ ਲਾਈਟਾਂ 'ਤੇ ਖੜ੍ਹੀਆਂ ਗੱਡੀਆਂ ਤੋਂ ਕੀਮਤੀ ਸਾਮਾਨ ਉਡਾਉਣ ਦੇ ਨਾਲ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆਏ ਹਨ। ਇਸ ਨਸ਼ੇ 'ਚ ਡੁੱਬੇ ਸੈਂਕੜੇ ਬੱਚਿਆਂ ਨੂੰ ਰੇਲਵੇ ਸਟੇਸ਼ਨ ਕੰਪਲੈਕਸ, ਜਗਰਾਓਂ ਪੁਲ ਦੇ ਨੇੜੇ, ਰੇਲਵੇ ਲਾਈਨ 'ਤੇ, ਲੋਕਲ ਬੱਸ ਸਟੈਂਡ ਅਤੇ ਜਲੰਧਰ ਬਾਈਪਾਸ ਸਮੇਤ ਸ਼ਹਿਰ ਦੇ ਕਈ ਅੰਦਰੂਨੀ ਹਿੱਸਿਆਂ 'ਚ ਆਮ ਦੇਖਿਆ ਜਾ ਸਕਦਾ ਹੈ। ਇਥੇ ਦੱਸਣਾ ਜ਼ਰੂਰੀ ਰਹੇਗਾ ਕਿ ਸਾਰੇ ਪ੍ਰਮੁੱਖ ਸੰਸਥਾਨਾਂ 'ਤੇ ਚਾਹੇ ਪੁਲਸ ਕਰਮਚਾਰੀਆਂ ਦੀ ਗਸ਼ਤ 24 ਘੰਟੇ ਰਹਿੰਦੀ ਹੈ ਪਰ ਬਾਵਜੂਦ ਇਸਦੇ ਇਨ੍ਹਾਂ ਇਲਾਕਿਆਂ 'ਚ ਕਈ ਤਰ੍ਹਾਂ ਦਾ ਕਥਿਤ ਨਸ਼ਾ ਖੁੱਲ੍ਹੇਆਮ ਵਿਕਣ ਦੀ ਗੱਲ ਸੁਣਨ 'ਚ ਆਉਂਦੀ ਹੈ।
ਕੀ ਹੈ ਘੁੱਗੂ ਨਸ਼ਾ
ਇਸ ਵਿਸ਼ੇ 'ਤੇ ਗੱਲਬਾਤ ਕਰਦਿਆਂ ਇਕ ਬੁੱਕਸ਼ਾਪ ਦੇ ਮਾਲਕ ਤਿਲਕਰਾਜ ਤਨੇਜਾ ਨੇ ਦੱਸਿਆ ਕਿ ਫਲਿਊੂਡ (ਘੁੱਗੂ) ਅਸਲ ਵਿਚ ਸਕੂਲਾਂ, ਕਾਲਜਾਂ ਅਤੇ ਹੋਰ ਕੰਮਕਾਜੀ ਸੰਸਥਾਨਾਂ 'ਤੇ ਇਸਤੇਮਾਲ ਕੀਤੇ ਜਾਣ ਵਾਲਾ ਦ੍ਰਵ ਪਦਾਰਥ ਹੈ, ਜੋ ਕਿ ਪੈਨ ਦੀ ਓਵਰ ਰਾਈਟਿੰਗ ਜਾਂ ਫਿਰ ਹੋਰ ਤਰ੍ਹਾਂ ਦੀਆਂ ਲਿਖਤੀ ਗਲਤੀਆਂ ਮਿਟਾਉਣ ਲਈ ਕੰਮ ਆਉਂਦਾ ਹੈ, ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਕਾਲਜਾਂ ਦੇ ਲੜਕੇ-ਲੜਕੀਆਂ ਅਤੇ ਹੋਰ ਛੋਟੇ ਬੱਚੇ ਨਸ਼ੇ ਦੇ ਰੂਪ 'ਚ ਵਰਤ ਰਹੇ ਹਨ। ਤਨੇਜਾ ਨੇ ਦੱਸਿਆ ਕਿ ਵੈਸੇ ਤਾਂ ਘੁੱਗੂ ਪਾਬੰਦੀਸ਼ੁਦਾ ਪਦਾਰਥ ਹੈ ਪਰ ਬਾਵਜੂਦ ਇਸ ਦੇ ਜ਼ਿਆਦਾਤਰ ਦੁਕਾਨਦਾਰ ਉਕਤ ਪਦਾਰਥ ਦੀ ਵਿਕਰੀ ਵੱਧ ਮੁਨਾਫਾ ਕਮਾਉਣ ਦੇ ਲਾਲਚ 'ਚ  ਚੋਰੀ-ਛੁਪੇ ਕਰਦੇ ਹਨ।


Related News