ਜੇਲਾਂ ''ਚ ਬੈਠ ਕੇ ਸਮੱਗਲਰ ਚਲਾ ਰਹੇ ਹਨ ਡਰੱਗ ਨੈੱਟਵਰਕ
Wednesday, Dec 25, 2019 - 03:57 PM (IST)
ਕਪੂਰਥਲਾ (ਭੂਸ਼ਣ)— 11 ਦਸੰਬਰ ਨੂੰ ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ 'ਤੇ ਇਕ ਘਰ 'ਚ ਛਾਪਾਮਾਰੀ ਕਰਕੇ 6 ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐੱਸ. ਟੀ. ਐੱਫ. ਟੀਮ ਨਾਲ ਸਬੰਧਤ 3 ਪੁਲਸ ਕਰਮਚਾਰੀਆਂ 'ਤੇ ਕਾਤਿਲਾਨਾ ਹਮਲਾ ਕਰਕੇ ਇਕ ਪੁਲਸ ਕਰਮਚਾਰੀ ਤੋਂ ਸਰਕਾਰੀ ਪਿਸਤੌਲ ਖੋਹਣ ਦੇ ਮਾਮਲੇ 'ਚ ਇਨ੍ਹਾਂ ਡਰੱਗ ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਜਿਸ ਦੇ ਆਧਾਰ 'ਤੇ ਜਿੱਥੇ ਆਉਣ ਵਾਲੇ ਦਿਨਾਂ 'ਚ ਸੂਬੇ ਦੀਆਂ ਕੁਝ ਜੇਲਾਂ 'ਚ ਬੰਦ ਕਈ ਡਰੱਗ ਸਮੱਗਲਰਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਸੀ. ਆਈ. ਏ. ਸਟਾਫ ਕਪੂਰਥਲਾ ਲਿਆਂਦਾ ਜਾਵੇਗਾ। ਉਥੇ ਹੀ ਇਸ ਪੂਰੀ ਪੁੱਛਗਿੱਛ ਦੌਰਾਨ ਪੁਲਸ ਦੇ ਹੱਥ ਕਈ ਅਹਿਮ ਕਾਮਯਾਬੀਆਂ ਲੱਗ ਸਕਦੀਆਂ ਹਨ।
ਦੱਸਿਆ ਜਾਂਦਾ ਹੈ ਕਿ ਗ੍ਰਿਫਤਾਰ ਸਾਰੇ ਮੁਲਜ਼ਮਾਂ ਨੇ ਸੂਬੇ ਦੀਆਂ ਕੁਝ ਜੇਲਾਂ 'ਚ ਬੰਦ ਅਜਿਹੇ ਡਰੱਗ ਸਮੱਗਲਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ, ਜੋ ਜੇਲਾਂ 'ਚ ਬੈਠ ਕੇ ਵੱਡੇ ਪੱਧਰ 'ਤੇ ਬਾਹਰਲੀ ਦੁਨੀਆ 'ਚ ਕਰੋੜਾਂ ਰੁਪਏ ਦਾ ਡਰੱਗ ਨੈੱਟਵਰਕ ਚਲਾ ਰਹੇ ਹਨ ਅਤੇ ਇਨ੍ਹਾਂ ਦੇ ਤਾਰ ਦਿੱਲੀ ਅਤੇ ਬਾਰਡਰ ਖੇਤਰਾਂ ਦੇ ਕਈ ਵੱਡੇ ਡਰੱਗ ਸਮੱਗਲਰਾਂ ਨਾਲ ਜੁੜੇ ਹੋਏ ਹਨ।
ਇਸ ਪੂਰੀ ਪੁੱਛਗਿੱਛ ਦੌਰਾਨ ਪੁਲਸ ਵੱਲੋਂ ਇਕ ਵੱਡੇ ਡਰੱਗ ਨੈੱਟਵਰਕ ਦੇ ਫੜੇ ਜਾਣ ਦੀ ਸੰਭਾਵਨਾ ਬਣ ਗਈ ਹੈ, ਜਿਸ ਸਬੰਧੀ ਸੀ. ਆਈ. ਏ. ਸਟਾਫ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਦਾ ਦੌਰ ਚਲਾ ਰਹੀਆਂ ਹਨ। ਉਥੇ ਹੀ ਆਉਣ ਵਾਲੇ ਕੁਝ ਦਿਨਾਂ 'ਚ ਉਕਤ ਡਰੱਗ ਸਮੱਗਲਰਾਂ ਨੂੰ ਜੇਲਾਂ ਤੋਂ ਲਿਆਉਣ 'ਤੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਐੱਸ. ਟੀ. ਐੱਫ. 'ਤੇ ਕਾਤਿਲਾਨਾ ਹਮਲਾ ਕਰਨ ਦੇ ਮਾਮਲੇ 'ਚ ਸ਼ਾਮਲ ਬੂਟਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਨਵਾਂ ਮੁਰਾਰ, ਸਤਨਾਮ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਮਾਡਲ ਟਾਊਨ ਤਲਵਾੜਾ, ਸੁਖਦੇਵ ਸਿੰਘ ਪੁੱਤਰ ਲੌਹਾਰਾ ਸਿੰਘ ਵਾਸੀ ਪਿੰਡ ਨਵਾਂ ਮੁਰਾਰ, ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਹਮੀਰਾ ਬਲਦੇਵ ਸਿੰਘ ਪੁੱਤਰ ਲੌਹਾਰਾ ਸਿੰਘ ਵਾਸੀ ਪਿੰਡ ਨਵਾਂ ਮੁਰਾਰ ਅਤੇ ਮੰਗਾ ਪੁੱਤਰ ਬਗਾ ਸਿੰਘ ਵਾਸੀ ਪਿੰਡ ਉਲੀਪੁਰ ਅਰਾਇਆ, ਜ਼ਿਲਾ ਪਟਿਆਲਾ, ਹਾਲ ਵਾਸੀ ਹਮੀਰਾ ਨੂੰ ਕਪੂਰਥਲਾ ਪੁਲਸ ਨੇ ਇਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ 13.50 ਲੱਖ ਰੁਪਏ ਦੀ ਡਰੱਗ ਮਨੀ, ਪੁਲਸ ਕਰਮਚਾਰੀ ਤੋਂ ਖੋਹਿਆ ਗਿਆ ਸਰਕਾਰੀ ਪਿਸਟਲ ਅਤੇ ਇਕ ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗ੍ਰਿਫਤਾਰ ਡਰੱਗ ਸਮੱਗਲਰਾਂ ਦੇ ਖੁਲਾਸਿਆ ਦੇ ਬਾਅਦ ਜੋ ਵੀ ਸਚਾਈ ਸਾਹਮਣੇ ਆਏ ਹਨ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਕਈ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।