ਨਸ਼ੇ ਦਾ ਟੀਕਾ ਲਾ ਕੇ ਦੋਸਤ ਦੀ ਕੀਤੀ ਹੱਤਿਆ
Friday, Apr 20, 2018 - 05:44 AM (IST)
ਮੋਗਾ, (ਅਜ਼ਾਦ)- ਬਾਘਾਪੁਰਾਣਾ ਦੇ ਨੇੜਲੇ ਪਿੰਡ ਜੈ ਸਿੰਘ ਵਾਲਾ ਦੀ ਨਹਿਰ ਦੇ ਕੋਲੋਂ ਨਸ਼ੇ ਦੇ ਕਾਰਨ ਨੀਮ ਬੇਹੋਸ਼ੀ ਦੀ ਹਾਲਤ 'ਚ ਮਿਲੇ ਨੌਜਵਾਨ ਲਵਪ੍ਰੀਤ ਸਿੰਘ (18) ਜਿਸ ਦੀ ਸਿਵਲ ਹਸਪਤਾਲ ਮੋਗਾ 'ਚ ਮੌਤ ਹੋ ਗਈ ਸੀ, ਇਸ ਸਬੰਧ 'ਚ ਅੱਜ ਬਾਘਾਪੁਰਾਣਾ ਪੁਲਸ ਵੱਲੋਂ ਜਾਂਚ ਦੇ ਬਾਅਦ ਮ੍ਰਿਤਕ ਦੇ ਦੋ ਦੋਸਤਾਂ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਚਮਕੌਰ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਘਣੀਏ ਵਾਲਾ (ਫਰੀਦਕੋਟ) ਨੇ ਕਿਹਾ ਕਿ ਉਸ ਦੇ ਦੋ ਬੱਚ ਹਨ। ਮੇਰੇ ਲੜਕੇ ਲਵਪ੍ਰੀਤ ਸਿੰਘ ਦੇ ਇਕਬਾਲ ਸਿੰਘ ਨਿਵਾਸੀ ਪਿੰਡ ਘਣੀਏ ਵਾਲਾ ਅਤੇ ਦਵਿੰਦਰ ਸਿੰਘ ਨਿਵਾਸੀ ਪਿੰਡ ਬੁੱਕਣਵਾਲਾ ਦੋਸਤ ਹੈ, ਉਹ ਸਾਡੇ ਆਉਂਦੇ-ਜਾਂਦੇ ਰਹਿੰਦੇ ਹਨ। ਬੀਤੀ 18 ਅਪ੍ਰੈਲ ਨੂੰ ਉਹ ਸਾਡੇ ਘਰ ਸਵੇਰੇ 11 ਵਜੇ ਆਏ ਅਤੇ ਮੇਰੇ ਬੇਟੇ ਲਵਪ੍ਰੀਤ ਸਿੰਘ ਨੂੰ ਆਪਣੇ ਨਾਲ ਮੋਟਰਸਾਈਕਲਾਂ 'ਤੇ ਬਿਠਾ ਕੇ ਲੈ ਗਏ ਜਦ ਦੇਰ ਸ਼ਾਮ ਤੱਕ ਸਾਡਾ ਲੜਕਾ ਘਰ ਵਾਪਸ ਨਹੀਂ ਆਇਆ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਹਰਭਜਨ ਸਿੰਘ ਮੋਟਰਸਾਈਕਲਾਂ 'ਤੇ ਉਸ ਦੀ ਤਲਾਸ਼ ਲਈ ਨਿਕਲੇ ਅਤੇ ਕਈ ਪਿੰਡਾਂ 'ਚ ਉਸ ਦੀ ਤਲਾਸ਼ ਕਰਦੇ ਹੋਏ ਪਿੰਡ ਜੈ ਸਿੰਘ ਵਾਲਾ ਨਹਿਰ ਦੀ ਪਟੜੀ 'ਤੇ ਪੁੱਜੇ ਤਾਂ ਉਥੇ ਇਕਬਾਲ ਸਿੰਘ ਅਤੇ ਦਵਿੰਦਰ ਸਿੰਘ ਨੇ ਮੇਰੇ ਬੇਟੇ ਲਵਪ੍ਰੀਤ ਸਿੰਘ ਨੂੰ ਮੋਟਰਸਾਈਕਲ 'ਤੇ ਬੰਨ੍ਹ ਕੇ ਰੱਖਿਆ ਸੀ, ਉਹ ਬੇਹੋਸ਼ੀ ਦੀ ਹਾਲਤ 'ਚ ਸੀ। ਜਦ ਉਨ੍ਹਾਂ ਸਾਨੂੰ ਦੇਖਿਆ ਤਾਂ ਉਹ ਮੋਟਰਸਾਈਕਲ ਤੇ ਮੇਰੇ ਲੜਕੇ ਨੂੰ ਛੱਡ ਕੇ ਭੱਜ ਗਏ, ਜਿਸ 'ਤੇ ਅਸੀਂ ਸਰਕਾਰੀ ਐਂਬੂਲੈਂਸ ਨੂੰ ਬੁਲਾਇਆ ਅਤੇ ਪੁਲਸ ਨੂੰ ਸੁਚਿਤ ਕੀਤਾ ਪਰ ਮੇਰੇ ਬੇਟੇ ਨੇ ਦਮ ਤੋੜ ਦਿੱਤਾ। ਸਾਨੂੰ ਸ਼ੱਕ ਹੈ ਕਿ ਦੋਵਾਂ ਦੋਸਤਾਂ ਨੇ ਮੇਰੇ ਬੇਟੇ ਨੂੰ ਜਾਂ ਤਾਂ ਕੋਈ ਨਸ਼ੇ ਦਾ ਟੀਕਾ ਲਾਇਆ ਹੈ ਅਤੇ ਜਾਂ ਫਿਰ ਕੋਈ ਜ਼ਹਿਰੀਲਾ ਟੀਕਾ ਲਾਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕੀ ਹੋਈ ਪੁਲਸ ਕਾਰਵਾਈ
ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮ੍ਰਿਤਕ ਲੜਕੇ ਦੇ ਪਿਤਾ ਚਮਕੌਰ ਸਿੰਘ ਦੇ ਬਿਆਨਾਂ 'ਤੇ ਦਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਨਿਵਾਸੀ ਬੁੱਕਣਵਾਲਾ ਅਤੇ ਇਕਬਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਘਣੀਏ ਵਾਲਾ (ਫਰੀਦਕੋਟ) ਖਿਲਾਫ ਥਾਣਾ ਬਾਘਾਪੁਰਾਣਾ 'ਚ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਉਕਤ ਮਾਮਲੇ ਦੀ ਜਾਂਚ ਕਰ ਕੇ ਇਹ ਜਾਨਣ ਦਾ ਯਤਨ ਕਰ ਰਹੇ ਹਾਂ ਕਿ ਉਕਤ ਦੋਵਾਂ ਦੋਸਤਾਂ ਨੇ ਆਪਣੇ ਹੀ ਦੋਸਤ ਦੀ ਕਿਉਂ ਹੱਤਿਆ ਕੀਤੀ ਹੈ। ਜਾਂਚ ਦੇ ਬਾਅਦ ਸਚਾਈ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਉਕਤ ਮਾਮਲੇ 'ਚ ਪੁਲਸ ਨੇ ਇਕਬਾਲ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ, ਪੁਲਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।