ਨਸ਼ਾ ਛੁਡਾਊ ਕੇਂਦਰਾਂ ''ਚ ਟੈਸਟਿੰਗ ਕਿੱਟਾਂ ਦੀ ਘਾਟ

Saturday, Oct 13, 2018 - 08:44 AM (IST)

ਪਟਿਆਲਾ : ਭਾਵੇਂ ਹੀ ਸੂਬਾ ਸਰਕਾਰ ਵਲੋਂ 'ਨਸ਼ਾ ਛੁਡਾਊ ਕੇਂਦਰਾਂ' 'ਚ ਮਰੀਜ਼ ਨੂੰ ਦਾਖਲ ਕਰਕੇ ਉਨ੍ਹਾਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੈਂਟਰਾਂ 'ਚ ਲੋੜੀਂਦੇ ਟੈਸਟ ਕੀਤੇ ਬਿਨਾਂ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਟੈਸਟਿੰਗ ਕਿੱਟਾਂ ਦੀ ਬਹੁਤ ਘਾਟ ਹੈ। 'ਨਸ਼ਾ ਛੁਡਾਊ ਕੇਂਦਰਾਂ' 'ਚ ਤਾਂ ਸ਼ੁਰੂ ਤੋਂ ਹੀ ਅਜਿਹੀ ਵਿਵਸਥਾ ਨਹੀਂ ਕੀਤੀ ਗਈ ਪਰ ਡੇਢ ਸੌ ਦੇ ਕਰੀਬ ਸਮੂਹ 'ਓਟ' ਕਲੀਨਿਕਾਂ 'ਚ ਲੋੜੀਂਦੀਆਂ ਯੂਰਿਨ ਟੈਸਟਿੰਗ ਕਿੱਟਾਂ ਨਹੀਂ ਹਨ।

ਇਸ ਦਾ ਨੋਟਿਸ ਲੈਂਦਿਆਂ ਸਿਹਤ ਵਿਭਾਗ ਨੇ ਪੰਜਾਬ ਭਰ ਦੇ ਸਿਵਲ ਸਰਜਨਾਂ ਨੂੰ 'ਓਟਸ' ਕਲੀਨਿਕਾਂ 'ਤੇ ਅਜਿਹੀਆਂ ਕਿੱਟਾਂ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ 'ਨਸ਼ਾ ਛੁਡਾਊ ਕੇਂਦਰਾਂ' 'ਚ ਵੀ ਅਜਿਹੇ ਟੈਸਟ ਯਕੀਨੀ ਬਣਾਉਣ ਲਈ ਕਿਹਾ ਹੈ ਕਿਉਂਕਿ ਯੂਰਿਨ ਦੌਰਾਨ ਹੀ ਪਤਾ ਲਾਇਆ ਜਾਂਦਾ ਹੈ ਕਿ ਮਰੀਜ਼ ਨੇ ਕਿਹੜਾ ਨਸ਼ੀਲਾ ਪਦਾਰਥ ਤੇ ਕਿੰਨੀ ਮਾਤਰਾ 'ਚ ਲਿਆ ਹੈ। ਫਿਰ ਰਿਪੋਰਟ ਦੇ ਆਧਾਰ 'ਤੇ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਨਸ਼ੇ ਦਾ ਰੁਝਾਨ ਵਧਣ 'ਤੇ ਪੰਜਾਬ ਭਰ 'ਚ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਤੇ ਸਮਰੱਥਾ ਵੀ ਵਧਾਈ ਗਈ ਸੀ ਪਰ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਬਹੁਤੀਆਂ ਥਾਵਾਂ 'ਤੇ ਫਿਰ ਵੀ ਮੁਸ਼ਕਲਾਂ ਆ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਦੇ ਮੱਦੇਨਜ਼ਰ ਹੀ ਸਰਕਾਰ ਨੇ ਬਗੈਰ ਦਾਖਲ ਕੀਤੀਆਂ 'ਓਟ' ਕਲੀਨਿਕਾਂ 'ਤੇ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਮੁੱਹਈਆ ਕਰਵਾਈ ਸੀ। ਮਰੀਜ਼ਾਂ ਦਾ ਇਲਾਜ ਸ਼ੂਰ ਹੋਣ ਤੋਂ ਪਹਿਲਾਂ ਲੋੜੀਂਦੇ ਟੈਸਟ ਲਈ ਯੂਰਿਨ ਟੈਸਟਿੰਗ ਕਿੱਟਾਂ ਵੀ ਭੇਜੀਆਂ ਗਈਆਂ ਸਨ ਪਰ ਹੁਣ ਯੂਰਿਨ ਕਿੱਟਾਂ ਨਾ ਹੋਣ ਕਰਕੇ ਮਰੀਜ਼ਾਂ ਦਾ ਜਾਣਕਾਰੀ ਆਧਾਰਿਤ ਇਲਾਜ ਕੀਤਾ ਜਾ ਰਿਹਾ ਹੈ।


Related News