ਥਰਡ ਡਿਗਰੀ ਤਸ਼ੱਦਦ ਤੋਂ ਤੰਗ ਆਏ 13 ਨੌਜਵਾਨ ਨਸ਼ਾ ਛੁਡਾਊ ਕੇਂਦਰ ਦਾ ਦਰਵਾਜ਼ਾ ਤੋੜ ਕੇ ਭੱਜੇ, ਲਾਏ ਗੰਭੀਰ ਇਲਜ਼ਾਮ

Wednesday, Nov 17, 2021 - 11:28 AM (IST)

ਲੁਧਿਆਣਾ (ਰਾਜ) : ਮੁੱਲਾਂਪੁਰ-ਜਾਂਗਪੁਰ ਰੋਡ ’ਤੇ ਸਥਿਤ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ਦਾ ਦਰਵਾਜ਼ਾ ਤੋੜ ਕੇ 13 ਨੌਜਵਾਨ ਫ਼ਰਾਰ ਹੋ ਗਏ। ਇਹ ਨੌਜਵਾਨ ਭੱਜ ਕੇ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲਿਆਂ ’ਤੇ ਗੰਭੀਰ ਦੋਸ਼ ਲਾਏ ਕਿ ਉੱਥੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ ਅਤੇ ਥਰਡ ਡਿਗਰੀ ਟਾਰਚਰ ਦਿੱਤਾ ਗਿਆ। ਨੌਜਵਾਨਾਂ ਨੇ ਇਸ ਸਬੰਧੀ ਸਿਵਲ ਸਰਜਨ ਨੂੰ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਹੈ। ਸਿਵਲ ਸਰਜਨ ਨੇ ਉਨ੍ਹਾਂ ਨੂੰ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਿਵਲ ਹਸਪਤਾਲ ਪੁੱਜੇ ਸਿਮਰਨਜੀਤ ਸਿੰਘ, ਜਸਪ੍ਰੀਤ ਸਿੰਘ, ਰਣਜੋਤ ਸਿੰਘ, ਜੋਬਨ ਸਿੰਘ, ਮਨਵਿੰਦਰ ਸਿੰਘ ਅਤੇ ਸਿਮਰਨ ਸਿੰਘ ਨੇ ਦੱਸਿਆ ਕਿ ਉਹ ਗਲਤ ਸੰਗਤ ਵਿਚ ਪੈ ਕੇ ਨਸ਼ੇ ਕਰਨ ਲੱਗੇ ਸਨ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਸਰਕਾਰੀ ਸਕੂਲਾਂ 'ਚ 8ਵੀਂ ਜਮਾਤ ਤੱਕ ਲੜਕਿਆਂ ਨੂੰ ਮਿਲਣਗੀਆਂ ਮੁਫ਼ਤ ਵਰਦੀਆਂ

ਇਸ ਲਈ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨੂੰ ਮੁੱਲਾਂਪੁਰ-ਜਾਂਗਪੁਰ ਰੋਡ ’ਤੇ ਇਕ ਕੋਠੀ ਦੇ ਅੰਦਰ ਬਣੇ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਕਿ ਉਨ੍ਹਾਂ ਦਾ ਨਸ਼ਾ ਛੁਡਾ ਦਿੱਤਾ ਜਾਵੇਗਾ ਪਰ ਨਸ਼ਾ ਛੁਡਾਊ ਕੇਂਦਰ ’ਚ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟ-ਮਾਰ ਸ਼ੁਰੂ ਹੋ ਗਈ। ਨੌਜਵਾਨਾਂ ਦਾ ਦੋਸ਼ ਹੈ ਕਿ ਇਹ ਸੈਂਟਰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਅੰਦਰ ਨਾ ਤਾਂ ਕੋਈ ਡਾਕਟਰ ਹੈ ਅਤੇ ਨਾ ਹੀ ਫਾਰਮਾਸਿਸਟ। ਮਰੀਜ਼ 6 ਮਹੀਨਿਆਂ ਤੋਂ ਦਾਖ਼ਲ ਹਨ, ਕਿਸੇ ਨੇ ਵੀ ਕੋਵਿਡ-19 ਟੈਸਟ ਜਾਂ ਹੋਰ ਟੈਸਟ ਨਹੀਂ ਕਰਵਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਿਆਨ ਨੇ ਕਾਂਗਰਸੀ ਵਿਧਾਇਕਾਂ 'ਚ ਮਚਾਈ ਤੜਥੱਲੀ, ਨਹੀਂ ਸੁੱਝ ਰਿਹਾ ਕੋਈ ਰਾਹ

ਜਦੋਂ ਦੁਬਾਰਾ ਭੋਜਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ। ਅਜਿਹੇ ’ਚ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ’ਤੇ ਵੀ ਪਿਸਤੌਲ ਤਾਣ ਦਿੱਤੀ ਜਾਂਦੀ ਹੈ। ਕੇਂਦਰ ਦੇ ਸੰਚਾਲਕਾਂ ਨੇ ਪਿਸਤੌਲ ਦੇ ਬੱਟ ਤੱਕ ਮਾਰ ਕੇ ਕਈ ਨੌਜਵਾਨਾਂ ਦੇ ਸਿਰਾਂ ਨੂੰ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉੱਥੇ ਉਨ੍ਹਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜੇਕਰ ਥੋੜ੍ਹੀ-ਬਹੁਤ ਗੱਲ ਕਰਾਉਂਦੇ ਵੀ ਹਨ ਤਾਂ ਇਕ ਵਿਅਕਤੀ ਡੰਡਾ ਫੜ੍ਹ ਕੇ ਉਨ੍ਹਾਂ ਕੋਲ ਖੜ੍ਹਾ ਹੋ ਜਾਂਦਾ ਹੈ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹੁਣ ਸਰਕਾਰੀ ਰਾਸ਼ਨ ਡਿਪੂਆਂ 'ਤੇ ਵੀ ਮਿਲਣਗੇ 'ਗੈਸ ਸਿਲੰਡਰ'
3 ਸਾਲ ਪਹਿਲਾਂ ਹੋਈ ਸੀ ਕਾਰਵਾਈ, ਮੁੜ ਨਾਂ ਬਦਲ ਕੇ ਖੋਲ੍ਹਿਆ ਗਿਆ ਕੇਂਦਰ
ਉਕਤ ਨੌਜਵਾਨਾਂ ਦਾ ਦੋਸ਼ ਹੈ ਕਿ ਇਸ ਨਸ਼ਾ ਛੁਡਾਊ ਕੇਂਦਰ ਦੇ 2 ਮਾਲਕ ਹਨ। ਉਸ ਦਾ ਕੇਂਦਰ ਪਹਿਲਾਂ ਪਿੰਡ ਆਲਮਗੀਰ ਵਿਚ ਸੀ, ਜੋ ਕਿ ਗੈਰ-ਕਾਨੂੰਨੀ ਸੀ। ਸਿਹਤ ਵਿਭਾਗ ਨੇ ਛਾਪਾ ਮਾਰ ਕੇ ਉਕਤ ਸੈਂਟਰ ਨੂੰ ਸੀਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਡੇਹਲੋਂ ਵਿਚ ਕੇਸ ਵੀ ਦਰਜ ਕੀਤਾ ਗਿਆ ਸੀ। ਨੌਜਵਾਨਾਂ ਦਾ ਕਹਿਣਾ ਹੈ ਕਿ ਉਕਤ ਸੈਂਟਰ ਦੇ ਮਾਲਕ ਨੇ ਹੁਣ ਨਾਂ ਬਦਲ ਕੇ ਮੁੱਲਾਂਪੁਰ ’ਚ ਸੈਂਟਰ ਖੋਲ੍ਹ ਦਿੱਤਾ ਹੈ। ਇਸ ਬਾਰੇ ਸਿਵਲ ਸਰਜਨ ਐੱਸ. ਪੀ. ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਉਸ ਕੋਲ ਆਇਆ ਸੀ, ਜਿਸ ਨੇ ਸ਼ਿਕਾਇਤ ਦਿੱਤੀ। ਮੈਂ ਮਾਮਲੇ ਦੀ ਜਾਂਚ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਰਿੰਦਰ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ। ਉਹ ਕੁੱਝ ਦਿਨਾਂ ’ਚ ਰਿਪੋਰਟ ਉਨ੍ਹਾਂ ਨੂੰ ਸੌਂਪ ਦੇਣਗੇ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News