ਨਹੀਂ ਰੀਸਾਂ ਸਿਹਤ ਵਿਭਾਗ ਦੀਆਂ, ਭ੍ਰਿਸ਼ਟਾਚਾਰ ਦੇ ਮੁਲਜ਼ਮ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਮੁੜ ਜਲੰਧਰ ''ਚ ਤਾਇਨਾਤ

02/06/2023 10:50:17 AM

ਜਲੰਧਰ (ਰੱਤਾ)-ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੇ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਨੂੰ ਫਿਰ ਤੋਂ ਜਲੰਧਰ ’ਚ ਤਾਇਨਾਤ ਕਰ ਦਿੱਤਾ ਹੈ। ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 2 ਫਰਵਰੀ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਜਿੱਥੇ ਰਵੀ ਗੁਪਤਾ ਨੂੰ ਮੁੜ ਜਲੰਧਰ ਵਿੱਚ ਜੁਆਇਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉੱਥੇ ਇਹ ਵੀ ਲਿਖਿਆ ਗਿਆ ਹੈ ਕਿ ਉਸ ਦੇ ਮੁਅੱਤਲ ਰਹਿਣ ਦੇ ਸਮੇਂ ਦਾ ਨਿਪਟਾਰਾ ਵਿਜੀਲੈਂਸ ਵਿਭਾਗ ਵੱਲੋਂ ਅੰਤਿਮ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਸ ਹੁਕਮ ਅਨੁਸਾਰ ਰਵੀ ਗੁਪਤਾ ਨੇ 3 ਫਰਵਰੀ ਨੂੰ ਸਵੇਰੇ ਸਿਵਲ ਸਰਜਨ ਦਫ਼ਤਰ ਵਿਖੇ ਆ ਕੇ ਆਪਣੀ ਜੁਆਇਨ ਕੀਤੀ ਅਤੇ ਸ਼ਹਿਰ ਵਿੱਚ ਨਿਰੀਖਣ ਵੀ ਸ਼ੁਰੂ ਕਰ ਦਿੱਤਾ। ਜ਼ੋਨਲ ਲਾਇਸੈਂਸ ਅਥਾਰਿਟੀ ਨੂੰ ਸ਼ਨੀਵਾਰ ਸਵੇਰ ਤਕ ਉਸ ਦੀ ਜੁਆਇਨਿੰਗ ਅਤੇ ਕੀਤੇ ਗਏ ਨਿਰੀਖਣ ਬਾਰੇ ਕੁਝ ਵੀ ਪਤਾ ਨਹੀਂ ਸੀ। ਵਰਣਨਯੋਗ ਹੈ ਕਿ ਪਿਛਲੇ ਸਾਲ ਮਈ ਵਿਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਡਰੱਗ ਲਾਇਸੈਂਸ ਜਾਰੀ ਕਰਨ ਲਈ ਮੋਟੀ ਰਕਮ ਦੀ ਮੰਗ ਕਰ ਰਿਹਾ ਸੀ।

ਜਦੋਂ ਉਪਰੋਕਤ ਵੀਡੀਓ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਤਕ ਪਹੁੰਚੀ ਤਾਂ ਉਨ੍ਹਾਂ ਉਸੇ ਸਮੇਂ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੰਜਾਬ ਸਰਕਾਰ ਨੇ 20 ਜੂਨ, 2022 ਨੂੰ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 4 (1) ਤਹਿਤ ਉਸ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਉਸ ਦਾ ਹੈੱਡਕੁਆਰਟਰ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ, ਖਰੜ ਨਿਸ਼ਚਤ ਕੀਤਾ ਗਿਆ ਸੀ। ਉਸ ਸਮੇਂ ਰਵੀ ਗੁਪਤਾ ਨੇ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਸਰਕਾਰ ਵਲੋਂ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਦੀ ਉਸੇ ਥਾਂ (ਜਿੱਥੇ ਉਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ) ’ਤੇ ਮੁੜ ਤਾਇਨਾਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ :  ਭੁਲੱਥ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੌਕ 'ਤੇ ਮਨੀ ਐਕਸਚੇਂਜਰ ਤੋਂ ਲੁੱਟੇ 14 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News