ਨਸ਼ੇ ਵਾਲੀਆਂ ਗੋਲੀਆਂ ਤੇ ਨਕਦੀ ਸਣੇ ਪਤੀ, ਪਤਨੀ ਕਾਬੂ
Wednesday, Jul 11, 2018 - 12:26 AM (IST)
ਝਬਾਲ, (ਲਾਲੂਘੁੰਮਣ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਦੇ ਸਹਿਯੋਗ ਨਾਲ ਪਿੰਡ ਸੋਹਲ ਵਿਖੇ ਨੌਜਵਾਨ ਆਗੂ ਰਣਜੀਤ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਗਠਿਤ ਨਸ਼ਾ ਵਿਰੋਧੀ ਕਮੇਟੀ ਵੱਲੋਂ ਪਿੰਡ ’ਚ ਨਸ਼ਿਆਂ ਦਾ ਕਾਰੋਬਾਰ ਕਰਦੇ ਇਕ ਪਤੀ, ਪਤਨੀ ਨੂੰ ਹਜ਼ਾਰਾਂ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਥਾਣਾ ਝਬਾਲ ਦੀ ਪੁਲਸ ਹਵਾਲੇ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਭਾਈ ਤਰਲੋਚਨ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਪਿੱਛਲੇ ਲੰਮੇ ਸਮੇਂ ਤੋਂ ਗੁਰਮੇਜ ਸਿੰਘ ਭੱਟੀ ਅਤੇ ਉਸ ਦੀ ਪਤਨੀ ਵੀਨਾ ਕੁਮਾਰੀ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਪਤੀ, ਪਤਨੀ ਨੂੰ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਅਜਿਹਾ ਧੰਦਾ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਇਹ ਲੋਕ ਨਹੀਂ ਹਟੇ। ਉਨ੍ਹਾਂ ਦੱਸਿਆ ਕਿ ਪਿੰਡ ਵਿਖੇ ਗਠਿਤ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਥਾਣਾ ਝਬਾਲ ਦੀ ਪੁਲਸ ਨੂੰ ਉਕਤ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਕਿ ਏ. ਐੱਸ. ਆਈ. ਕੁਲਦੀਪ ਰਾਏ ਸਮੇਤ ਪੁਲਸ ਪਾਰਟੀ ਕੋਲੋਂ ਕਥਿਤ ਮੁਲਜ਼ਮ ਗੁਰਮੇਜ ਸਿੰਘ ਭੱਟੀ ਦੀ ਦੁਕਾਨ ’ਤੇ ਛਾਪੇਮਾਰੀ ਕਰਵਾ ਕੇ ਜਦੋਂ ਤਲਾਸ਼ੀ ਕਰਵਾਈ ਗਈ ਤਾਂ ਮੌਕੇ ’ਤੇ ਨਸ਼ੇ ਵਾਲੀਆਂ 2775 ਗੋਲੀਆਂ ਐਲਪ੍ਰੈਕਸ ਅਤੇ 340 ਗੋਲੀਆਂ ਟ੍ਰੈਮਾਡੋਲ ਬਰਾਮਦ ਕਰਨ ਤੋਂ ਇਲਾਵਾ 13,800 ਰੁਪਏ ਦੀ ਨਕਦੀ ਵੀ ਦੁਕਾਨ ’ਚੋਂ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਦੋਵਾਂ ਪਤੀ, ਪਤਨੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਗੁਰਮੁੱਖ ਸਿੰਘ ਸੋਹਲ, ਗੁਰਜੋਤ ਸਿੰਘ, ਰਣਜੀਤ ਸਿੰਘ, ਲਵ ਵਰਿੰਦਰ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।
ਮੁਲਜ਼ਮਾਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ : ਐੱਸ. ਐੱਚ. ਓ.
ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਫਡ਼ੇ ਗਏ ਗੁਰਮੇਜ ਸਿੰਘ ਭੱਟੀ ਪੁੱਤਰ ਸੁਰਜਨ ਸਿੰਘ ਅਤੇ ਉਸ ਦੀ ਪਤਨੀ ਵੀਨਾ ਕੁਮਾਰੀ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਗੁਰਮੇਜ ਸਿੰਘ ਦੋਵਾਂ ਲੱਤਾਂ ਤੋਂ ਅਪਾਹਿਜ ਹੈ, ਜਿਸ ਕਰ ਕੇ ਪੁਲਸ ਵੱਲੋਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਇੰਨੀ ਵੱਡੀ ਪੱਧਰ ’ਤੇ ਨਸ਼ੇ ਵਾਲੀਆਂ ਗੋਲੀਆਂ ਕੌਣ ਸਪਲਾਈ ਕਰ ਰਿਹਾ ਸੀ। ਉਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
