ਡਰੱਗ ਦੀ ਓਵਰਡੋਜ਼ ਨਾਲ ਨਸ਼ੇੜੀ ਦੀ ਮੌਤ
Wednesday, Dec 20, 2017 - 12:14 AM (IST)

ਹੁਸ਼ਿਆਰਪੁਰ, (ਜ.ਬ.)- ਨਸ਼ਾ ਛੁਡਾਊ ਕੇਂਦਰ ਵਿਚੋਂ ਇਲਾਜ ਕਰਵਾ ਕੇ ਪਰਤੇ ਨਸ਼ੇੜੀ ਦੀ ਡਰੱਗ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਦੇਰ ਸ਼ਾਮ 5 ਵਜੇ ਦੇ ਕਰੀਬ ਟਾਂਡਾ ਰੋਡ ਦੇ ਨਾਲ ਲੱਗਦੇ ਆਊਟਡੋਰ ਸਟੇਡੀਅਮ ਦੇ ਬਾਹਰ ਪੌੜੀਆਂ ਦੇ ਹੇਠਾਂ ਲਾਸ਼ ਪਈ ਦੇਖ ਕੇ ਉਥੇ ਸੈਰ ਕਰ ਰਹੇ ਲੋਕਾਂ 'ਚ ਸਨਸਨੀ ਫੈਲ ਗਈ।
ਮ੍ਰਿਤਕ ਦੀ ਪਛਾਣ ਕਮਲਦੀਪ ਉਰਫ਼ ਵਿੱਕੀ ਪੁੱਤਰ ਬਿਹਾਰੀ ਲਾਲ ਵਾਸੀ ਗਲੀ ਨੰ. 11 ਕਮਾਲਪੁਰ ਵਜੋਂ ਹੋਈ ਹੈ। 3 ਬੱਚਿਆਂ ਦਾ ਪਿਤਾ ਵਿੱਕੀ ਮੰਗਲਵਾਰ ਸਵੇਰੇ 9 ਵਜੇ ਕੰਮ ਦੇ ਬਹਾਨੇ ਘਰੋਂ ਨਿਕਲਿਆ ਅਤੇ ਦਿਨ ਢਲਦੇ ਹੀ ਉਸ ਦੀ ਲਾਸ਼ ਉਕਤ ਸਥਾਨ ਤੋਂ ਮਿਲੀ। ਲਾਸ਼ ਦੇ ਨੇੜੇ ਨਸ਼ੀਲੇ ਟੀਕੇ ਅਤੇ ਕੈਪਸੂਲ ਪਏ ਸਨ। ਵਿੱਕੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਜਿਥੇ ਪਰਿਵਾਰ 'ਚ ਹਾਹਾਕਾਰ ਮਚ ਗਈ, ਉੱਥੇ ਹੀ ਨਸ਼ਾ ਛੁਡਾਊ ਕੇਂਦਰ ਦੇ ਇਲਾਜ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਐੱਸ. ਐੱਚ. ਓ. ਰਾਜੇਸ਼ ਨੇ ਦੱਸਿਆ ਕਿ ਬੁੱਧਵਾਰ ਨੂੰ ਲਾਸ਼ ਦੇ ਪੋਸਟਮਾਰਟਮ ਉਪਰੰਤ ਹੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ : ਮ੍ਰਿਤਕ ਦੀ ਪਤਨੀ ਰਮਨਾ ਦੇਵੀ ਅਤੇ ਪਿਤਾ ਬਿਹਾਰੀ ਲਾਲ ਨੇ ਰੋਂਦਿਆਂ ਦੱਸਿਆ ਕਿ ਵਿੱਕੀ ਹਲਵਾਈ ਹੋਣ ਦੇ ਨਾਲ-ਨਾਲ ਆਈਸਕਰੀਮ ਵੇਚਣ ਦਾ ਕੰਮ ਕਰਦਾ ਸੀ। ਨਸ਼ਿਆਂ ਦਾ ਆਦੀ ਹੋਣ ਕਾਰਨ ਉਸ ਨੂੰ ਕਪੂਰਥਲਾ ਸਥਿਤ ਇਕ ਨਸ਼ਾ ਛੁਡਾਊ ਕੇਂਦਰ 'ਚ ਨਸ਼ੇ ਛੁਡਾਉਣ ਲਈ ਦਾਖਲ ਕਰਵਾਇਆ ਸੀ, ਜਿੱਥੋਂ 22 ਦਿਨਾਂ ਬਾਅਦ ਉਹ ਕੱਲ ਹੀ ਘਰ ਪਰਤਿਆ ਸੀ। ਅੱਜ ਸਵੇਰੇ ਉਹ ਘਰੋਂ ਖੁਸ਼ੀ-ਖੁਸ਼ੀ ਗਿਆ ਸੀ ਪਰ ਸਾਨੂੰ ਕੀ ਪਤਾ ਸੀ ਕਿ ਦਿਨ ਢਲਦੇ ਹੀ ਉਸ ਦੀ ਮੌਤ ਦੀ ਖ਼ਬਰ ਆ ਜਾਵੇਗੀ। ਮ੍ਰਿਤਕ ਆਪਣੇ ਪਿੱਛੇ ਪਤਨੀ ਰਮਨਾ ਦੇਵੀ ਦੇ ਨਾਲ-ਨਾਲ 2 ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ।