ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ ਰਿਹੈ ਭਵਿੱਖ

Saturday, Jun 03, 2023 - 06:38 PM (IST)

ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ ਰਿਹੈ ਭਵਿੱਖ

ਜਲੰਧਰ (ਕਸ਼ਿਸ਼)–ਆਏ ਦਿਨ ਕਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੂਚੀ ’ਚ ਅੱਵਲ ਰਹਿਣ ਵਾਲੇ ਅਤੇ ਇੱਥੋਂ ਤੱਕ ਕਿ ਨਸ਼ੇ ਦਾ ‘ਰਕਤ ਬੀਜ’ ਕਹਿ ਜਾਣ ਵਾਲੇ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਇਕ ਬਹੁਚਰਚਿਤ ਸਮਾਜਿਕ, ਅਪਰਾਧਕ ਅਤੇ ਸਿਆਸੀ ਮੁੱਦਾ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਸ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟੀਮ ਦਾ ਗਠਨ ਕਰਨ ਦੇ ਬਾਵਜੂਦ ਅਜੇ ਵੀ ਪੰਜਾਬ ਇਸ ਨਸ਼ੇ ਦੇ ਬੀਜ ਨੂੰ ਖ਼ਤਮ ਨਹੀਂ ਕਰ ਸਕਿਆ। ਮਹਾਨਗਰ ’ਚ ਵੀ ਪੁਰਾਣੀਆਂ ਖੰਡਰ ਇਮਾਰਤਾਂ, ਪਾਰਕਾਂ, ਪੁਲਾਂ ਦੇ ਹੇਠਾਂ ਇਨ੍ਹਾਂ ਨਸ਼ੇੜੀਆਂ ਨੇ ਨਸ਼ਾ ਕਰਨ ਲਈ ਅੱਡੇ ਬਣਾ ਲਏ ਹਨ।

ਇਹ ਵੀ ਪੜ੍ਹੋ- ਕੈਨੇਡਾ ਤੋਂ ਮੰਦਭਾਗੀ ਖ਼ਬਰ, ਨਿਆਗਰਾ ਫਾਲ 'ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

ਇਸ ਨਸ਼ੇ ਦੀ ਲਪੇਟ ’ਚ 10 ਤੋਂ 15 ਸਾਲ ਦੇ ਬੱਚੇ ਜ਼ਿਆਦਾ
ਇਨ੍ਹੀਂ ਦਿਨੀਂ ਸ਼ਹਿਰ ’ਚ ਨੌਜਵਾਨਾਂ ਵਿਚ ਇਕ ਵੱਖਰੀ ਕਿਸਮ ਦਾ ਨਸ਼ਾ ਵਧਦਾ ਜਾ ਰਿਹਾ ਹੈ। ਇਹ ਨਸ਼ਾ ਸ਼ਰਾਬ, ਗਾਂਜਾ ਤੇ ਹੈਰੋਇਨ ਤੋਂ ਵੀ ਵੱਧ ਖ਼ਤਰਨਾਕ ਹੈ। ਬੱਚੇ ਹਰ ਜਗ੍ਹਾ ਆਸਾਨੀ ਨਾਲ ਮਿਲਣ ਵਾਲੇ ਫਲਿਊਡ ਕੈਮੀਕਲ ਰਾਹੀਂ ਸੁੰਘ ਰਹੇ ਹਨ। ਇਸ ਨਸ਼ੇ ਦੀ ਲਪੇਟ ’ਚ 10 ਤੋਂ 15 ਸਾਲ ਦੇ ਬੱਚੇ ਜ਼ਿਆਦਾ ਹਨ। ਇਹ ਬੱਚੇ ਫਲਿਊਡ ਦੀ ਇਕ ਟਿਊਬ ਖਰੀਦ ਕੇ ਕਿਤੇ ਇਕੱਲੇ ਬੈਠ ਕੇ ਪਲਾਸਟਿਕ ਦੀ ਫੁਆਇਲ ’ਤੇ ਉਸ ਨੂੰ ਪਹਿਲਾਂ ਨਿਚੋੜਦੇ ਹਨ, ਉਸ ਤੋਂ ਬਾਅਦ ਹਥੇਲੀ ’ਚ ਬੰਦ ਕਰਕੇ ਜ਼ੋਰ ਲਗਾ ਕੇ ਸੁੰਘਦੇ ਹਨ। ਸੁੰਘਣ ਦੇ 5-10 ਮਿੰਟ ਬਾਅਦ ਉਨ੍ਹਾਂ ’ਤੇ ਨਸ਼ਾ ਹਾਵੀ ਹੋਣ ਲੱਗਦਾ ਹੈ। ਇਸ ਦਾ ਨਸ਼ਾ 4 ਤੋਂ 5 ਮਿੰਟ ਤੱਕ ਰਹਿੰਦਾ ਹੈ। ਨਸ਼ਾ ਟੁੱਟਣ ’ਤੇ ਉਹੀ ਪ੍ਰਕਿਰਿਆ ਦੁਹਰਾਉਂਦੇ ਹਨ। ਇਸ ਤਰ੍ਹਾਂ ਦਿਨ ’ਚ 2-3 ਵਾਰ ਅਤੇ ਕਈ ਵਾਰ ਸ਼ਾਮ ਨੂੰ ਵੀ ਇਸ ਦੀ ਡੋਜ਼ ਲੈਂਦੇ ਹਨ। ਇਹ ਨਸ਼ਾ ਸਰੀਰ ਨੂੰ ਸੁੰਨ ਕਰ ਦਿੰਦਾ ਹੈ। ਇਹ ਟਿਊਬ ਕਿਸੇ ਵੀ ਕਰਿਆਨੇ ਅਤੇ ਸਟੇਸ਼ਨਰੀ ਦੀ ਦੁਕਾਨ ’ਤੇ ਮਿਲ ਜਾਂਦੀ ਹੈ। ਇਹ ਬੱਚੇ ਜ਼ਿਆਦਾਤਰ ਪੁਲਾਂ, ਸਟੇਸ਼ਨਾਂ ਤੇ ਬੱਸ ਸਟੈਂਡਾਂ ’ਤੇ ਨਜ਼ਰ ਆਉਂਦੇ ਹਨ।

ਚਿੱਟੇ ਦੀ ਪੂਰਤੀ ਨਾ ਹੋਣ ’ਤੇ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ
ਗੱਲ ਕਰੀਏ ਚਿੱਟੇ ਦੀ ਤਾਂ ਜਲੰਧਰ ਸ਼ਹਿਰ ’ਚ ਕਿਤੇ ਨਾ ਕਿਤੇ ਇਸ ਨਸ਼ੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਕਾਫ਼ੀ ਸਖ਼ਤੀ ਵਿਖਾਈ ਜਾ ਰਹੀ ਹੈ ਅਤੇ ਆਏ ਦਿਨ ਨਸ਼ੇ ਨੂੰ ਫੜਨ ਲਈ ਰੇਡ ਵੀ ਕੀਤੀ ਜਾ ਰਹੀ ਹੈ ਪਰ ਇਹ ਨਸ਼ਾ ਸਮੱਗਲਰ ਕਿਤੇ ਨਾ ਕਿਤੇ ਨਸ਼ਾ ਜਲੰਧਰ ਸ਼ਹਿਰ ’ਚ ਲੈ ਕੇ ਆ ਹੀ ਜਾਂਦੇ ਹਨ ਅਤੇ ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਆਪਣਾ ਭਵਿੱਖ ਖ਼ਰਾਬ ਕਰਨ ’ਤੇ ਉਤਰੇ ਹੋਏ ਹਨ। ਪਾਰਕਾਂ, ਪੁਰਾਣੀਆਂ ਖੰਡਰ ਇਮਾਰਤਾਂ, ਪੁਲਾਂ ਦੇ ਹੇਠਾਂ ਹਜ਼ਾਰਾਂ ਦੀ ਗਿਣਤੀ ’ਚ ਸਰਿੰਜਾਂ, ਸਿਲਵਰ ਪੇਪਰ ਅਤੇ ਨਸ਼ੇ ਦੀ ਸਮੱਗਰੀ ਦੇ ਖਾਲੀ ਲਿਫ਼ਾਫ਼ੇ ਵੇਖਣ ਨੂੰ ਮਿਲੇ। ਕਈ ਪਾਰਕ ਅਤੇ ਖੰਡਰ ਇਮਾਰਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ’ਚ ਲੱਗਾ ਲੋਹਾ ਨਸ਼ੇੜੀਆਂ ਵੱਲੋਂ ਵੇਚ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਟੂਟੀਆਂ ਤੱਕ ਵੇਚ ਦਿੱਤੀ ਗਈਆਂ ਹਨ। ਕਈ ਨਸ਼ੇੜੀ ਜਿਨ੍ਹਾਂ ਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ, ਉਹ ਰਾਤ ਸਮੇਂ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲਈ ਪੁਲਾਂ ਹੇਠਾਂ ਲੁਕ ਕੇ ਬੈਠੇ ਰਹਿੰਦੇ ਹਨ।

ਇਹ ਵੀ ਪੜ੍ਹੋ-  ਜਲੰਧਰ 'ਚ ਡੀ. ਸੀ. ਦੀਪਸ਼ਿਖਾ ਨੇ ਲਗਾਈ ਧਾਰਾ-144, ਇਕ ਜਗ੍ਹਾ 'ਤੇ 5 ਤੋਂ ਵਧੇਰੇ ਲੋਕ ਨਹੀਂ ਹੋ ਸਕਣਗੇ ਇਕੱਠੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News