''ਨਸ਼ਾ ਮੁਕਤ ਮੁਹੱਲੇ'' ਬਨਾਉਣ ਲਈ ਅਮਰਿੰਦਰ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ

02/20/2018 1:13:08 PM

ਜਲੰਧਰ (ਧਵਨ) — ਪੰਜਾਬ 'ਚ ਸ਼ਹਿਰਾਂ ਤੇ ਦਿਹਾਤੀ ਖੇਤਰਾਂ 'ਚ ਮੁਹੱਲਿਆਂ ਨੂੰ ਨਸ਼ਾ ਮੁਕਤ ਘੋਸ਼ਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ 'ਚ ਵਿਸ਼ੇਸ਼ ਮੁਹਿੰਮ ਜਲਦ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਮਹਿਲਾਵਾਂ ਨੂੰ ਵਿਸ਼ੇਸ਼ ਰੂਪ ਤੋਂ ਪਿੰਡਾਂ 'ਚ ਵਾਲੰਟੀਅਰਸ ਦੇ ਰੂਪ 'ਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਵਾਲੰਟੀਅਰਸ ਦੀ ਮਦਦ ਨਾਲ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆਂ ਜਾਵੇਗਾ।  
ਮੁੱਖ ਮੰਤਰੀ ਨੇ ਸਰਕਾਰ ਬਨਣ ਤੋਂ ਬਾਅਦ ਰਾਜ 'ਚ ਨਸ਼ਿਆਂ ਦੇ ਖਿਲਾਫ ਵੱਡੇ ਪੈਮਾਨੇ 'ਤੇ ਮੁਹਿੰਮ ਚਲਾਉਂਦੇ ਹੋਏ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਸੀ, ਜਿਸ ਦੀ ਕਮਾਨ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪੀ ਗਈ ਸੀ। ਸਰਕਾਰੀ ਹਲਕਿਆਂ ਤੋਂ ਪਤਾ ਚਲਿਆ ਹੈ ਕਿ ਵਾਲੰਟੀਅਰਾਂ 'ਚ ਔਰਤਾਂ ਤੇ ਮਰਦਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਹ ਵਾਲੰਟੀਅਰ ਆਪਣੇ-ਆਪਣੇ ਇਲਾਕਿਆਂ 'ਚ ਨਸ਼ਿਆਂ ਵਿਰੁੱਧ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਗੇ। ਨਸ਼ਾ ਕਰਨ ਵਾਲੇ ਲੋਕਾਂ ਨੂੰ ਸੈਂਟਰਾਂ 'ਚ ਲੈ ਜਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਇਹ ਵਾਲੰਟੀਅਰਸ ਆਪਣੇ ਖੇਤਰਾਂ ਨੂੰ ਸਰਕਾਰ ਤੋਂ ਨਸ਼ਾਮੁਕਤ ਐਲਾਨ ਕਰਵਾ ਦੇਣਗੇ। ਇਸ ਮੁਹਿੰਮ 'ਚ ਜ਼ਿਲਾ ਪ੍ਰ੍ਰਸ਼ਾਸਨ ਤੇ ਪੁਲਸ ਵਲੋਂ ਵਾਲੰਟੀਅਰਾਂ ਨੂੰ ਸਹਿਯੋਗ ਦਿੱਤਾ ਜਾਵੇਗਾ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਬਾਰੇ ਐੱਸ.ਟੀ. ਐੱਫ. ਪ੍ਰਮੁੱਖ ਹਰਪ੍ਰੀਤ ਸਿੱਧੂ ਨੂੰ ਅਭਿਆਨ ਚਲਾਉਣ ਬਾਰੇ ਹਰੀ ਝੰਡੀ ਦੇ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਮਾਰਚ ਮਹੀਨੇ ਤੋਂ ਇਹ ਮੁਹਿੰਮ ਸ਼ੁਰੂ ਹੋ ਜਾਵੇਗਾ। ਨਸ਼ਾ ਮੁਕਤ ਮੁਹੱਲੇ ਬਨਾਉਣ ਲਈ ਪੰਜਾਬ ਸਰਕਾਰ ਵਲੋਂ ਜਲਦ ਹੀ ਵਾਲੰਟੀਅਰਸ ਦੀ ਲੱਖਾਂ 'ਚ ਭਰਤੀ ਕਰ ਦਿੱਤੀ ਜਾਵੇਗੀ। ਦਿਹਾਤੀ ਹਲਕਿਆਂ 'ਚ ਹੀ ਵੱਡੇ ਪੈਮਾਨੇ 'ਤੇ ਨਸ਼ਿਆਂ ਸੰਬੰਧੀ ਸੂਚਨਾ ਪੁਲਸ ਤੇ ਸਰਕਾਰ ਦੇ ਕੋਲ ਪਹੁੰਚਦੀ ਸੀ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇਨ੍ਹਾਂ ਵਾਲੰਟੀਅਰਸ ਨੂੰ ਨਸ਼ਾ ਵਿਰੋਧੀ ਕੇਂਦਰਾਂ ਦੇ ਨਾਲ ਮਿਲ ਕੇ ਲੋਕਾਂ ਦੀ ਨਸ਼ਾ ਕਰਨ ਦੀ ਆਦਤ ਖਤਮ ਕਰਵਾਉਣ ਲਈ ਕਿਹਾ ਜਾਵੇਗਾ। ਇਸ ਸੰਬੰਧ 'ਚ ਹਰੇਕ ਜ਼ਿਲੇ 'ਚ ਬਣੇ ਵਿਰੋਧੀ ਕੇਂਦਰਾਂ ਨੂੰ ਪੂਰੀ ਤਰ੍ਹਾਂ ਨਾਲ ਐਕਟਿਵ ਕੀਤਾ ਜਾਵੇਗਾ। ਵਾਲੰਟੀਅਰਸ ਬਨਾਉਣ ਨਾਲ ਸਰਕਾਰ ਨੂੰ ਇਹ ਸਹਾਇਤਾ ਵੀ ਮਿਲੇਗੀ ਕਿ ਵਾਲੰਟੀਅਰਸ ਦੀ ਜਨਤਾ ਦੇ ਨਾਲ ਨੇੜਤਾ ਵੀ ਵਧੇਗੀ, ਜਿਸ ਦਾ ਲਾਭ ਪੁਲਸ ਨੂੰ ਵੀ ਮਿਲੇਗਾ। ਅਗਲੇ ਕੁਝ ਮਹੀਨਿਆਂ 'ਚ ਵਾਲੰਟੀਅਰਸ ਦੀ ਭਰਤੀ ਦਾ ਕੰਮ ਚਲਦਾ ਰਹੇਗਾ।


Related News