ਹਾਲ-ਏ-ਪੰਜਾਬ! ਫਿਰੋਜ਼ਪੁਰ 'ਚ ਨਸ਼ੇੜੀ ਪਿਓ ਵੱਲੋਂ ਧੀ ਨੂੰ ਵੇਚਣ ਦੀ ਕੋਸ਼ਿਸ਼, ਭਰਾ 'ਤੇ ਬੇਸਬਾਲ ਨਾਲ ਹਮਲਾ
Tuesday, Nov 29, 2022 - 12:42 PM (IST)
ਫਿਰੋਜ਼ਪੁਰ (ਸੰਨੀ) : ਪੰਜਾਬ 'ਚ ਨਸ਼ਾ ਇਸ ਕਦਰ ਭਾਰੂ ਹੋ ਗਿਆ ਹੈ ਕਿ ਨਸ਼ੇ ਦੇ ਆਦੀ ਲੋਕਾਂ ਲਈ ਰਿਸ਼ਤੇ ਵੀ ਖ਼ਤਮ ਹੋ ਗਏ ਹਨ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇੜੀ ਪਿਓ ਨੇ ਆਪਣੀ ਧੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਹੀ ਭਰਾ ਦੀ ਬਾਂਹ ਤੋੜ ਦਿੱਤੀ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸ਼ਹਿਰ ਨੇੜੇ ਬਸਤੀ ਬਾਗ ਵਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਨਸ਼ੇ ਕਾਰਨ ਆਪਣੀ 10 ਸਾਲਾ ਧੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਜਿਹਾ ਕਰਨ ਤੋਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਬੇਸਬਾਲ ਮਾਰ ਕੇ ਆਪਣੇ ਭਰਾ ਦੀ ਬਾਂਹ ਤੋੜ ਦਿੱਤੀ। ਜਦੋਂ ਇਸ ਬਾਰੇ ਥਾਣਾ ਸਿਟੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਉਕਤ ਵਿਅਕਤੀ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮਾਮਲਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਨਸ਼ੇੜੀ ਪਿਓ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਸ਼ਰੇਆਮ ਅਕਾਲੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਸਬੰਧੀ ਗੱਲ ਕਰਦਿਆਂ ਉਕਤ ਵਿਅਕਤੀ ਦੇ ਵੱਡੇ ਭਰਾ ਵਿਕਰਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਮਨੋਜ ਨਸ਼ਾ ਕਰਨ ਦਾ ਆਦੀ ਹੈ, ਜਿਸ ਕਾਰਨ ਉਸ ਦੀ ਪਤਨੀ 5 ਸਾਲ ਪਹਿਲਾਂ ਉਸ ਨੂੰ ਛੱਡ ਕੇ ਚੱਲ ਗਈ ਸੀ। ਉਸ ਨੇ ਦੱਸਿਆ ਕਿ ਮਨੋਜ ਦੀਆਂ 2 ਕੁੜੀਆਂ ਹਨ, ਜਿਨ੍ਹਾਂ ਵਿੱਚੋਂ ਛੋਟੀ ਕੁੜੀ ਨੂੰ ਉਸਦੀ ਮਾਂ ਆਪਣੇ ਨਾਲ ਲੈ ਗਈ ਸੀ ਅਤੇ ਵੱਡੀ ਕੁੜੀ ਦਾਦੀ ਦੇ ਨਾਲ ਰਹਿੰਦੀ ਹੈ। ਬੱਚੀ ਦੀ ਦਾਦੀ ਮੁਖਤਿਆਰ ਕੌਰ ਨੇ ਦੱਸਿਆ ਕਿ ਉਸਦਾ ਮੁੰਡਾ ਨਸ਼ੇ ਕਰਨ ਲਈ ਘਰ ਦੀਆਂ ਚੀਜ਼ਾਂ ਵੇਚ ਦਿੰਦਾ ਹੈ। ਅਜਿਹਾ ਪਹਿਲਾਂ ਵੀ ਹੋਇਆ ਹੈ ਕਿ ਉਹ ਆਪਣੀ ਕੁੜੀ ਨੂੰ ਵੇਚਣ ਲਈ 3-4 ਵਾਰ ਘਰੋਂ ਲੈ ਕੇ ਜਾਣਾ ਚਾਹੁੰਦਾ ਸੀ ਪਰ ਹਰ ਵਾਰ ਲੋਕਾਂ ਦਾ ਮਦਦ ਨਾਲ ਉਹ ਕੁੜੀ ਨੂੰ ਬਚਾ ਲੈਂਦੀ ਸੀ। ਉਨ੍ਹਾਂ ਦੱਸਿਆ ਕਿ ਮਨੋਜ ਮੁੜ ਤੋਂ ਉਸਦੀ ਪੋਤੀ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਲਈ ਉਸ ਨੇ ਆਪਣੇ ਵੱਡੇ ਮੁੰਡੇ ਵਿਕਰਮ ਨੇ ਮਨੋਜ ਦੀ ਕੁੜੀ ਨੂੰ ਆਪਣੇ ਘਰ ਰੱਖਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਸ਼ੱਕੀ ਹਾਲਾਤ 'ਚ 7 ਮਹੀਨਿਆਂ ਦੀ ਗਰਭਵਤੀ ਨਵ-ਵਿਆਹੁਤਾ ਦੀ ਮੌਤ
ਵਿਕਰਮ ਮੁਤਾਬਕ ਹੁਣ ਉਸਦੀ ਮਾਂ ਅਤੇ ਪਤਨੀ ਬੱਚੀ ਦੀ ਦੇਖਭਾਲ ਕਰਦੀਆਂ ਹਨ। ਮਨੋਜ ਨਸ਼ੇ ਲਈ ਆਪਣੀ ਕੁੜੀ ਨੂੰ ਵੇਚਣਾ ਚਾਹੁੰਦਾ ਹੈ ਪਰ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ। ਉਹ ਆਪਣੀ ਕੁੜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਬੱਚੀ ਦਾਦੀ ਕੋਲ ਰਹਿਣਾ ਚਾਹੁੰਦੀ ਹੈ। ਇਸ ਦੇ ਚੱਲਦਿਆਂ ਮਨੋਜ ਨੇ ਤੈਸ਼ 'ਚ ਆ ਕੇ ਘਰ ਅੰਦਰ ਦਾਖ਼ਲ ਹੋ ਕੇ ਵਿਕਰਮ 'ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਬਾਂਹ ਤੋੜ ਦਿੱਤਾ। ਇਸ ਮਾਮਲੇ 'ਚ ਐੱਸ. ਐੱਚ. ਓ. ਮੋਹਿਤ ਧਵਨ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਨੋਜ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਕੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।